ਆਸਾ ॥
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥
ਸਨਿਚਰਵਾਰ, ੬ ਜੇਠ (ਸੰਮਤ ੫੫੦ ਨਾਨਕਸ਼ਾਹੀ) ੧੯ ਮਈ, ੨੦੧੮ (ਅੰਗ: ੪੮੪)
ਪੰਜਾਬੀ ਵਿਆਖਿਆ :
ਆਸਾ ॥
ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ।੧। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ । ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ ।੧।ਰਹਾਉ। ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ । ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ।੨। ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ । (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ।੩। ਕਬੀਰ ਆਖਦਾ ਹੈ—ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ । ਉਹ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ) ।੪।੪।੩੭।

English Translation:

AASAA:

With filth within the heart, even if one bathes at sacred places of pilgrimage, still, he shall not go to heaven. Nothing is gained by trying to please others — the Lord cannot be fooled.  || 1 ||   Worship the One Divine Lord. The true cleansing bath is service to the Guru.  || 1 ||  Pause  ||   If salvation can be obtained by bathing in water, then what about the frog, which is always bathing in water? As is the frog, so is that mortal; he is reincarnated, over and over again.  || 2 ||   If the hard-hearted sinner dies in Benaares, he cannot escape hell. And even if the Lord’s Saint dies in the cursed land of Haramba, still, he saves all his family.  || 3 ||   Where there is neither day nor night, and neither Vedas nor Shaastras, there, the Formless Lord abides. Says Kabeer, meditate on Him, O mad-men of the world.  || 4 || 4 || 37 ||

Saturday, 6th Jayt’h (Samvat 550 Nanakshahi) 19th May, 2018     (Page: 484)