ਦੇਵਗੰਧਾਰੀ ॥
ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥ ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥ ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥ ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਅੰਮ੍ਰਿਤੁ ਪੀ ਝੋਲੀਐ ॥ ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥
ਸ਼ੁਕਰਵਾਰ, ੮ ਜੇਠ (ਸੰਮਤ ੫੪੭ ਨਾਨਕਸ਼ਾਹੀ) (ਅੰਗ: ੫੨੭)
ਪੰਜਾਬੀ ਵਿਆਖਿਆ :
ਦੇਵਗੰਧਾਰੀ ॥
ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ । ਹੇ ਭਾਈ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ।੧।ਰਹਾਉ।ਹੇ ਭਾਈ! ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ । ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ।੧।(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਸ਼ੁਰੂ ਕਰ, ਤੇ, ਉਸ ਦਾ ਦਿੱਤਾ ਹੋਇਆ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ (ਇਹੀ ਤਰੀਕਾ ਹੈ ਢੋਲੇ-ਹਰੀ ਨੂੰ ਮਿਲਣ ਦਾ) ।ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ।੨।੩।
English Translation:
DAYV-GANDHAAREE:
O my mind, chant the Name of the Lord, Har, Har, Har. The Gurmukh is imbued with the deep red color of the poppy. His shawl is saturated with the Lord’s Love. || 1 || Pause || I wander around here and there, like a madman, bewildered, seeking out my Darling Lord. I shall be the slave of the slave of whoever unites me with my Darling Beloved. || 1 || So align yourself with the Almighty True Guru; drink in and savor the Ambrosial Nectar of the Lord. By Guru’s Grace, servant Nanak has obtained the wealth of the Lord within. || 2 || 3 ||
Friday 8th Jayt’h (Samvat 547 Nanakshahi) (Page: 527)