ਬਿਲਾਵਲੁ ਮਹਲਾ ੫ ॥
ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥

ਸ਼ੁੱਕਰਵਾਰ, ੧੦ ਮਾਘ (ਸੰਮਤ ੫੪੬ ਨਾਨਕਸ਼ਾਹੀ) ੨੩ ਜਨਵਰੀ ੨੦੧੫   (ਅੰਗ: ੮੨੫)

ਪੰਜਾਬੀ ਵਿਆਖਿਆ:
ਬਿਲਾਵਲੁ ਮਹਲਾ ੫ ॥
(ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ । (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ ।੧।ਰਹਾਉ। ਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ । ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ । ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ ।੧। ਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ । ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ । ਹੇ ਨਾਨਕ! ਆਖ—ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ।੨।੧੮।੧੦੪।
ਭਾਵ :—ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ ।

 

English Translation :

BILAAVAL, FIFTH MEHL:

The Lord saved me from Sulhi Khan. The emperor did not succeed in his plot, and he died in disgrace. || 1 || Pause ||   The Lord and Master raised His axe, and chopped off his head; in an instant, he was reduced to dust. || 1 ||   Plotting and planning evil, he was destroyed. The One who created him, gave him a push. Of his sons, friends and wealth, nothing remains; he departed, leaving behind all his brothers and relatives. Says Nanak, I am a sacrifice to God, who fulfilled the word of His slave. || 2 || 18 || 104 ||

 Friday, 10th Maagh (Samvat 546 Nanakshahi)           (Page: 825)