ਸੂਹੀ ਕਬੀਰ ਜੀ ॥
ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥ ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
ਐਤਵਾਰ, ੧੪ ਅੱਸੂ (ਸੰਮਤ ੫੫੦ ਨਾਨਕਸ਼ਾਹੀ) (ਅੰਗ: ੭੯੨)

ਪੰਜਾਬੀ ਵਿਆਖਿਆ:
ਸੂਹੀ ਕਬੀਰ ਜੀ ॥
(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ।੧। (ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ । (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ । (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ ।੧।ਰਹਾਉ। (ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ (ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ।੨। ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ, ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ।੩। ਕਬੀਰ ਆਖਦਾ ਹੈ—(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ, (ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ।੪।੨।

English Translation:

SOOHEE,  KABEER JEE:

My innocent soul trembles and shakes. I do not know how my Husband Lord will deal with me.  || 1 ||   The night of my youth has passed away; will the day of old age also pass away? My dark hairs, like bumble bees, have gone away, and grey hairs, like cranes, have settled upon my head.  || 1 ||  Pause  ||   Water does not remain in the unbaked clay pot; when the soul-swan departs, the body withers away.  || 2 ||   I decorate myself like a young virgin; but how can I enjoy pleasures, without my Husband Lord?  || 3 ||   My arm is tired, driving away the crows. Says Kabeer, this is the way the story of my life ends.  || 4 || 2 ||  

Sunday, 14th Assu (Samvat 550 Nanakshahi) (Page: 792)