ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਵੀਰਵਾਰ, ੧੯ ਹਾੜ (ਸੰਮਤ ੫੫੭ ਨਾਨਕਸ਼ਾਹੀ) ੩ ਜੁਲਾਈ, ੨੦੨੫ (ਅੰਗ: ੬੦੧)

ਅੰਮ੍ਰਿਤਸਰ, 19 ਜਨਵਰੀ-
ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਧਰਮਸ਼ਾਲਾ ਸੰਗਤਪੁਰਾ, ਪਿੰਡ ਸੰਗਤਪੁਰ ਜ਼ਿਲ੍ਹਾ ਤਰਨ ਤਾਰਨ ਦੀ ਮਾਲਕੀ ਜ਼ਮੀਨ ’ਤੇ ਪੰਜਾਬ ਐਗਰੋ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਕੇ ਜਾਇਦਾਦ ਹਥਿਆਉਣ ਦੀ ਕੋਝੀ ਸਾਜ਼ਿਸ਼ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿਚ ਸਿੱਧੀ ਦਖ਼ਲਅੰਦਾਜ਼ੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਧਰਮਸ਼ਾਲਾ ਸੰਗਤਪੁਰਾ ਜ਼ਿਲ੍ਹਾ ਤਰਨ ਤਾਰਨ ਦੀ ਤਕਰੀਬਨ 11 ਏਕੜ ਜ਼ਮੀਨ ਵਿੱਚੋਂ ਢਾਈ ਏਕੜ ਜ਼ਮੀਨ ਵਿਚ ਪੰਜਾਬ ਸਰਕਾਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਲਰ ਮਿਸ਼ਨ ਤਹਿਤ ਪੰਜਾਬ ਐਗਰੋ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਰਹੀ ਹੈ। ਇਹ ਯੂਨਿਟ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਲਗਾਉਣ ਦੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 523/1554ਜੀ, ਮਿਤੀ 13-11-1928 ਅਤੇ ਨੋਟੀਫਿਕੇਸ਼ਨ ਨੰਬਰ 18, ਮਿਤੀ 26-02-1934 ਰਾਹੀਂ ਇਸ ਨੂੰ ਸਮੇਤ ਰਕਬਾ ਸਿੱਖ ਗੁਰਦੁਆਰਾ ਘੋਸ਼ਿਤ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਵੀ 6 ਪੱਤਰ ਲਿਖ ਕੇ ਉਪਰੋਕਤ ਮਾਮਲੇ ਸਬੰਧੀ ਇਤਰਾਜ਼ ਪ੍ਰਗਟਾਉਂਦਿਆਂ ਇਸ ’ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਗਿਆ ਸੀ। ਪਰੰਤੂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਗੁਰਦੁਆਰਾ ਸਾਹਿਬ ਦੇ ਨੋਟੀਫਾਈਡ ਰਕਬੇ ਵਿਚ ਇਹ ਯੂਨਿਟ ਲਗਾਉਣ ਲਈ ਬਜਿਦ ਹਨ। ਉਨ੍ਹਾਂ ਕਿਹਾ ਇਹ ਸਰਕਾਰ ਦੀ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਵਿਚ ਸਿੱਧੀ ਦਖ਼ਲਅੰਦਾਜ਼ੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੰਵਿਧਾਨਕ ਜ਼ੁੰਮੇਵਾਰੀ ਨਿਭਾਉਂਦਿਆਂ ਤੁਰੰਤ ਦਖ਼ਲ ਦੇ ਕੇ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਇਸ ਕਾਰਵਾਈ ’ਤੇ ਰੋਕ ਲਗਾਉਣ।