ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ
ਤਖ਼ਤ ਸ਼ਬਦ ਦੇ ਅਰਥ ਬੈਠਣ ਦੀ ਚੌਕੀ ਜਾਂ ਰਾਜ-ਸਿੰਘਾਸਨ ਹੈ- ਭਾਵ ਉਹ ਥਾਂ ਜਿਥੇ ਬੈਠਕੇ ਰਾਜਾ, ਰਾਜ ਦੀ ਕਾਰਵਾਈ ਚਲਾਉਂਦਾ ਹੈ। ਇਸ ਅਰਥ ਵਾਲੇ ਬਹੁਤ ਸਾਰੇ ਤਖ਼ਤ ਦੁਨੀਆਂ ‘ਤੇ ਹੋਏ ਤੇ ਸਮੇਂ ਦੀ ਗਲਵੱਕੜੀ ਵਿੱਚ ਆ ਕੇ ਆਪਣਾ ਨਾਮੋ-ਨਿਸ਼ਾਨ ਮਿਟਾ ਚੁੱਕੇ ਹਨ। ਜਿਸ ਰੂਪ ਵਿੱਚ ਤਖ਼ਤ ਸ਼ਬਦ ਦੀ ਵਰਤੋਂ ਗੁਰਮਤਿ ਵਿਚਾਰਧਾਰਾ ਵਿੱਚ ਹੋਈ ਹੈ, ਉਹ ਤਖ਼ਤ ਨਾਸ਼ਮਾਨ ਨਹੀਂ, ਸਦੀਵੀ ਹੈ। ਭਾਵ ਸਮੇਂ-ਸਥਾਨ ਦੇ ਪ੍ਰਭਾਵ ਤੋਂ ਸੁਤੰਤਰ ਹੈ। ਤਖ਼ਤ ਦੇ ਅਜਿਹੇ ਸਦੀਵੀ ਸਿਧਾਂਤ ਨੂੰ ਆਪ ਗੁਰੂ ਸਾਹਿਬਾਨ ਨੇ ਰੂਪਮਾਨ ਕੀਤਾ ਤੇ ਅਮਲੀ ਜਾਮਾ ਪਹਿਨਾਇਆ ਅਤੇ ਇਹ ਸਾਬਤ ਕਰ ਦਿੱਤਾ ਕਿ ਤਖ਼ਤ ਕਿਸੇ ਵਿਅਕਤੀ ਸਮੂੰਹ ਦੀਆਂ ਗਤੀਵਿਧੀਆਂ ਦਾ ਕੇਂਦਰ ਨਹੀਂ ਸਗੋਂ ਗੁਰੂ-ਪੰਥ ਦੀ ਨਿਰਪੱਖ-ਸੁਤੰਤਰ, ਪ੍ਰਭੂਸੱਤਾ ਸੰਪੰਨ ਸੰਸਥਾ ਹੈ। ਗੁਰਦੁਆਰੇ ਸਭ ਦੇ ਸਾਂਝੇ ਹਨ ਪਰ ਤਖ਼ਤ ਸਾਹਿਬਾਨ ਦਾ ਸਬੰਧ ਵਿਸ਼ੇਸ਼ ਤੌਰ ‘ਤੇ ਗੁਰਸਿੱਖਾਂ ਨਾਲ ਹੈ।
ਧੰਨ ਧੰਨ ਗੁਰੂ ਰਾਮ ਦਾਸ ਵੱਲੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤ ਸੁਹਾਵੀ ‘ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਸਨਮੁਖ ਮੀਰੀ-ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 1606 ਈ: ਵਿਚ ਸਿਰਜਤ, ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸੱਤਾ-ਸੰਪੰਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਸੁਭਾਇਮਾਨ ਹੈ।
ਵੱਡ ਯੋਧੇ ਬਹੁ ਪਰਉਪਕਾਰੀ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ, ਜਿਸਦੀ ਉਸਾਰੀ ਵਿੱਚ “ਕਿਸੀ ਰਾਜ ਨਹਿ ਹਾਥ ਲਗਾਇਉ-ਬੁਢੇ ਓ ਗੁਰਦਾਸ ਬਨਾਇਓ” ਦੇ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਨਾਲ ਉਸਾਰੀ ਕੀਤੀ। ਰਾਜਨੀਤੀ ਤੇ ਧਰਮ, ਜਿਸਨੂੰ ਸਿੱਖ ਸ਼ਬਦਾਵਲੀ ਵਿੱਚ ਮੀਰੀ-ਪੀਰੀ, ਭਗਤੀ-ਸ਼ਕਤੀ ਦਾ ਨਾਮ ਦਿੱਤਾ ਗਿਆ ਹੈ, ਦੇ ਦੈਵੀ ਸੁਮੇਲ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਸ੍ਰੀ ਅਕਾਲ ਤਖ਼ਤ ਸਾਹਿਬ ਮਨੁੱਖੀ ਸਵੈਮਾਣ, ਅਜ਼ਾਦੀ ਅਤੇ ਨਿਰੈਭਤਾ ਦਾ ਜਜ਼ਬਾ ਲੋਕਾਈ ਵਿਚ ਉਜਾਗਰ ਕਰਨ ਲਈ ‘ਹਰਿ ਸਚੇ’ ਨੇ ਦੈਵੀ ਸੱਚੇ ਤਖ਼ਤ ਦੀ ਸਥਾਪਨਾ ਕੀਤੀ ਤਾਂ ਜੋ ਕੋਈ ਮਨੁੱਖ ਕਿਸੇ ਮਨੁੱਖ ਨੂੰ, ਕੋਈ ਜਾਤ ਕਿਸੇ ਜਾਤ ਨੂੰ, ਕੋਈ ਮਜ਼ਹਬ ਕਿਸੇ ਮਜ਼ਹਬ ਨੂੰ, ਕੋਈ ਦੇਸ਼ ਕਿਸੇ ਦੇਸ਼ ਨੂੰ ਆਪਣਾ ਦੁਬੇਲ ਨਾ ਬਣਾ ਸਕੇ ਅਤੇ ਹਰੇਕ ਨੂੰ ਨਿਰਮਲ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਦਾ ਹੱਕ ਹੋਵੇ।
ਇਸ ਪਾਵਨ ਸਥਾਨ ਤੋਂ ਗੁਰਸਿੱਖਾਂ ਨੂੰ ਸ਼ਸਤਰ ਬੱਧ ਹੋਣ, ਗੁਰੂ ਦਰਬਾਰ ਵਿਚ ਵਧੀਆ ਸ਼ਸਤਰ ਤੇ ਜੁਆਨੀਆਂ ਭੇਂਟ ਕਰਨ ਦਾ ਪਹਿਲਾ ਹੁਕਮਨਾਮਾ ਜਾਰੀ ਹੋਇਆ। ਸੰਧਿਆ ਸਮੇਂ ਬੀਰਰਸੀ ਵਾਰਾਂ ਦਾ ਗਇਨ ਕਰਵਾਇਆ ਜਾਂਦਾ ਤਾਂ ਜੋ ਕੌਮ ਵਿਚ ਜਬਰ-ਜ਼ੁਲਮ ਦੇ ਵਿਰੁੱਧ ਲੜਨ ਲਈ ਜੋਸ਼ ਪੈਦਾ ਹੋ ਸਕੇ। ਅਠਾਰਵੀਂ ਸਦੀ ਵਿਚ ਸਿੱਖ, ਮੁਗਲ ਅਤੇ ਅਫਗਾਨ ਸੰਘਰਸ਼ ਕਾਲ ਦੌਰਾਨ ਗੁਰਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਪ੍ਰਾਪਤ ਕਰਦੇ ਰਹੇ। ਹੰਨੇ-ਹੰਨੇ ਦੀ ਮੀਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਇੱਕਸੁਰਤਾ ਅਤੇ ਇੱਕਸਾਰਤਾ ਬਖਸ਼ੀ।
Gurdwara Text Courtesy :- Dr. Roop Singh, Secretary S.G.P.C.