ਅੰਮ੍ਰਿਤਸਰ : 18 ਸਤੰਬਰ (        ) ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਚੱਜੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਗੁਰਪੁਰਬਾਂ ਸਬੰਧੀ ਕੱਢੇ ਜਾਂਦੇ ਨਗਰ ਕੀਰਤਨਾ ਦਾ ਰੂਟ ਤੈਅ ਕਰਨ ਸਬੰਧੀ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਇਕੱਤਰਤਾ ਵਿੱਚ ਧਾਰਮਿਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਦੇ ਇਲਾਵਾ ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਬੀਬੀ ਕਿਰਨਜੋਤ ਕੌਰ , ਸ੍ਰ: ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਕੱਤਰ ਡਾ: ਰੂਪ ਸਿੰਘ ਤੇ ਸ੍ਰ: ਪ੍ਰਤਾਪ ਸਿੰਘ ਮੈਨੇਜਰ ਨੇ ਵੀ ਆਪਣੇ ਵਿਚਾਰ ਰੱਖੇ। ਵੱਖ-ਵੱਖ ਨੁਮਾਇੰਦਿਆਂ ਨੇ ਆਪਣੇ-ਆਪਣੇ ਸੁਝਾਅ ਦੇਂਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪ੍ਰਕਾਸ਼ ਉਤਸਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਕੱਢੇ ਜਾਂਦੇ ਹਨ, ਉਨ੍ਹਾਂ ਦੇ ਰੂਟ ਇਕ ਨਾ ਹੋ ਕੇ ਹਰ ਵਾਰ ਵੱਖ-ਵੱਖ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਵਾਰ ਨਗਰ ਕੀਰਤਨ ਸ਼ੁਰੂ ਹੁੰਦਾ ਹੈ, ਪਰ ਇਸਦੀ ਸਮਾਪਤੀ ਵੱਖ-ਵੱਖ ਸਥਾਨਾਂ ਤੋਂ ਹੋਣੀ ਚਾਹੀਦੀ ਹੈ। ਸਭਾ ਸੁਸਾਇਟੀਆਂ ਵੱਲੋਂ ਇਹ ਵੀ ਸੁਝਾਅ ਆਏ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਸੈਮੀਨਾਰ ਵੀ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਪ੍ਰਕਾਸ਼ ਦਿਹਾੜਿਆਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੇ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨਾਂ ਦੀ ਗਿਣਤੀ ਘਟਾਉਣੀ ਚਾਹੀਦੀ ਹੈ ਤੇ ਬਹੁਤ ਜਿਆਦਾ ਗਰਮੀ ਵਿੱਚ ਨਗਰ ਕੀਰਤਨਾ ਦਾ ਆਯੋਜਨ ਨਹੀਂ ਕਰਨਾ ਚਾਹੀਦਾ। ਇਹ ਵੀ ਮੰਗ ਕੀਤੀ ਗਈ ਕਿ ਇਨ੍ਹਾਂ ਨਗਰ ਕੀਰਤਨਾ ਵਿੱਚ ਸਿੱਖ ਵਿਚਿਅਕ ਅਦਾਰਿਆਂ ਦੇ ਇਲਾਵਾ ਹਿੰਦੂ ਵਿਦਿਅਕ ਅਦਾਰਿਆਂ ਨੂੰ ਵੀ ਨਾਲ ਰਲਾਉਣਾ ਚਾਹੀਦਾ ਹੈ। ਇਹ ਵੀ ਮੰਗ ਕੀਤੀ ਗਈ ਕਿ ਇਨ੍ਹਾਂ ਨਗਰ ਕੀਰਤਨਾਂ ਸਬੰਧੀ ਮਹੱਲਿਆਂ ਦੇ ਮੁਹਤਬਾਰਾਂ, ਵੱਖ-ਵੱਖ ਇਲਾਕੇ ਦੇ ਕੌਂਸਲਰਾਂ ਅਤੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਪਵਿੱਤਰ ਦਿਹਾੜਿਆਂ ਨੂੰ ਸਮਰਪਿਤ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾ ਸਕੇ। ਉਨ੍ਹਾਂ ਸੁਝਾਅ ਦਿੱਤੇ ਕਿ ਨਗਰ ਕੀਰਤਨ ਦੀ ਅਰੰਭਤਾ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਬਜਾਏ ਘੰਟਾ ਘਰ ਵਾਲੇ ਪਲਾਜੇ ਜਾਂ ਗਲਿਆਰੇ ਵਾਲੀ ਖੁੱਲ੍ਹੀ ਜਗਾ ਤੋਂ ਹੋਣੀ ਚਾਹੀਦੀ ਹੈ ਤੇ ਇਸਦੇ ਰੂਟ ਵੀ ਖੁੱਲ੍ਹੇ ਬਜ਼ਾਰਾਂ ਵਿਚ ਦੀ ਤੈਅ ਹੋਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰੀ ਸਕੂਲਾਂ ਦੇ ਬੈਂਡ ਅਤੇ ਗਤਕਾ ਪਾਰਟੀਆਂ ਨਗਰ ਕੀਰਤਨ ਤੋਂ ਬਹੁਤ ਅੱਗੇ ਪਹੁੰਚ ਜਾਂਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਬਹੁਤ ਪਿੱਛੇ ਇਕੱਲੀ ਰਹਿ ਜਾਂਦੀ ਹੈ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਸਕੂਲ ਅਤੇ ਗਤਕਾ ਪਾਰਟੀਆਂ ਪਾਲਕੀ ਸਾਹਿਬ ਤੇ ਸੰਗਤਾਂ ਦੇ ਨਾਲ-ਨਾਲ ਥੋੜ੍ਹੇ ਫਾਂਸਲੇ ਤੇ ਚੱਲਣ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ: ਰੂਪ ਸਿੰਘ ਨੇ ਸਾਂਝੇ ਤੌਰ ਤੇ ਸਭ ਦਾ ਧੰਨਵਾਦ ਕਰਦਿਆਂ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਦੇ ਸੁਝਾਅ ਨੋਟ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸਿੰਘ ਸਾਹਿਬ ਜੀ ਵੱਲੋਂ ਇਕ ਸਬ-ਕਮੇਟੀ ਬਣਾਈ ਜਾਵੇਗੀ ਜੋ ਰੂਟਾਂ ਦਾ ਵੇਰਵਾ ਤੇ ਸਾਰਿਆਂ ਵੱਲੋਂ ਮਿਲੇ ਸੁਝਾਵਾਂ ਪ੍ਰਤੀ ਆਪਣੇ ਵਿਚਾਰਾਂ ਤੋਂ ਸਿੰਘ ਸਾਹਿਬ ਜੀ ਨੂੰ ਜਾਣੂੰ ਕਰਵਾਏਗੀ। ਸਿੰਘ ਸਾਹਿਬ ਜੀ ਵੱਲੋਂ ਅੱਗੋਂ ਮਿਲੇ ਆਦੇਸ਼ਾਂ ਅਨੁਸਾਰ ਇਨ੍ਹਾਂ ਰੂਟਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਸੰਗਤਾਂ ਦੇ ਬਾਕੀ ਸੁਝਾਵਾਂ ਤੇ ਵੀ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਕੱਤਰਤਾ ਦਾ ਮੁੱਖ ਮਕਸਦ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਬੰਧੀ ਰੂਟ ਤੈਅ ਕਰਨ ਦਾ ਸੀ, ਜੋ ਬਹੁਤ ਜਲਦ ਕਰ ਲਿਆ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਦੀ ਮਿਊਂਸਪਲ ਕਾਰਪੋਰੇਸ਼ਨ ਤੇ ਸਖ਼ਤ ਇਤਰਾਜ ਜਿਤਾਉਂਦਿਆਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਸਾਫ ਸਫਾਈ ਤੇ ਖਾਸ ਕਰ ਇਨ੍ਹਾਂ ਪਵਿੱਤਰ ਦਿਹਾੜਿਆਂ ਨੂੰ ਹੋਣ ਵਾਲੀ ਸਾਫ ਸਫਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਹਰ ਵਾਰ ਵਿਸ਼ੇਸ਼ ਸੇਵਾਵਾਂ ਲਈਆਂ ਜਾਂਦੀਆਂ ਹਨ ਤੇ ਉਹ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਸਾਫ ਸਫਾਈ ਸ਼ਰਧਾਵਾਨ ਸੰਗਤਾਂ ਦੁਆਰਾ ਕਰਵਾਉਂਦੇ ਹਨ।

ਇਸ ਮੌਕੇ ਇਕੱਤਰਤਾ ਵਿੱਚ ਸਭਾ ਸੁਸਾਇਟੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ੍ਰ: ਜਸਬੀਰ ਸਿੰਘ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸਭਾ, ਸ੍ਰ: ਸੰਤੋਖ ਸਿੰਘ ਸੇਠੀ, ਸ੍ਰ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ੍ਰ: ਅਨੂਪ ਸਿੰਘ ਵਿਰਦੀ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ, ਸ੍ਰ: ਤਰਜਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸੰਗੀਤ ਸਭਾ, ਸ੍ਰ: ਗੁਰਦੀਪ ਸਿੰਘ ਸਲੂਜਾ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ, ਗਿਆਨੀ ਚਰਨ ਸਿੰਘ, ਸ੍ਰ: ਬਲਵਿੰਦਰ ਸਿੰਘ ਰਾਜੋਕੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ੍ਰ: ਨਵਤੇਜ ਸਿੰਘ ਸੇਵਕ ਸਭਾ ਜੌੜੇ ਘਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ੍ਰ: ਚਰਨਜੀਤ ਸਿੰਘ ਮੁਖੀ ਅਖੰਡ ਕੀਰਤਨੀ ਜਥਾ, ਪ੍ਰਿੰਸੀਪਲ ਜਗਦੀਸ਼ ਸਿੰਘ ਡਾਇਰੈਕਟਰ ਸੰਤ ਸਿੰਘ ਸੁੱਖਾ ਸਿੰਘ ਸਕੂਲ, ਸ੍ਰ: ਸਰਨਜੀਤ ਸਿੰਘ ਸੇਵਕ ਸਭਾ ਜੋੜੇਘਰ ਨਿਵਾਸ, ਸ੍ਰ: ਜਗਜੀਤ ਸਿੰਘ ਸੇਵਲ ਜਥਾ ਕੜਾਹ ਪ੍ਰਸ਼ਾਦਿ ਗੁ: ਸ਼ਹੀਦ ਗੰਜ ਸਾਹਿਬ, ਸ੍ਰ: ਕੁਲਦੀਪ ਸਿੰਘ ਪੰਡੋਰੀ ਪ੍ਰਧਾਨ ਨਗਰ ਨਿਗਮ ਤਾਲਮੇਲ ਦਲ, ਸ੍ਰ: ਅਮਰਜੀਤ ਸਿੰਘ ਸ਼ਬਦ ਚੌਂਕੀ ਜਥਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ੍ਰ: ਗੁਰਵਿੰਦਰ ਸਿੰਘ ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ, ਸ੍ਰ: ਸੁਰਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰ: ਅਮਰ ਸਿੰਘ, ਸ੍ਰ: ਦਵਿੰਦਰ ਸਿੰਘ ਸਕੱਤਰ ਸ਼ਬਦ ਕੀਰਤਨ ਨਾਮ ਸਿਮਰਨ ਸਭਾ, ਸ੍ਰ: ਤੇਜਪਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਆਦਿ ਮੌਜੂਦ ਸਨ।