karnel Singh panjoliਅੰਮ੍ਰਿਤਸਰ 6 ਅਗਸਤ- ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ ਅਤੇ ਸ. ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਉਨ੍ਹਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਫਿਰ ਉਸ ਨੂੰ ਸੋਸ਼ਲ ਸਾਈਟ ਤੇ ਪਾਉਣ ਵਾਲੇ ਬਲਵਿੰਦਰ ਸਿੰਘ ਜਿੰਦੂ ਤੇ ਉਸ ਦੇ ਆਕਾ ਕੌਂਸਲਰ ਕਮਲਜੀਤ ਸਿੰਘ ਕੜਵਲ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਦੋਵਾਂ ਸੀਨੀਅਰ ਅਹੁਦੇਦਾਰਾਂ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਆਮ ਵਿਅਕਤੀ ਨਹੀਂ ਹਨ ਉਹ ਲੋਕਾਂ ਵੱਲੋਂ ਧਾਰਮਿਕ ਸੰਸਥਾ ਲਈ ਚੁਣੇ ਹੋਏ ਨੁਮਾਇੰਦੇ ਹਨ।ਪਾਰਟੀ ਨੇ ਉਨ੍ਹਾਂ ਨੂੰ ਗੁਰੂ-ਪੰਥ ਦੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਹੈ।ਉਹ ਇਸ ਅਹੁਦੇ ਤੇ ਰਹਿ ਕੇ ਤਕਰੀਬਨ ਪਿਛਲੇ ੧੦ ਸਾਲਾਂ ਤੋਂ ਕੌਮ ਦੀ ਸੇਵਾ ਕਰ ਰਹੇ ਹਨ।ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸੇਵਾ ਤੋਂ ਬੁਖਲਾਏ ਤੇ ਆਪਣੀ ਹਉਮੈ ਨੂੰ ਪੱਠੇ ਪਾਉਂਦਿਆਂ ਬਲਵਿੰਦਰ ਸਿੰਘ ਜਿੰਦੂ ਤੇ ਉਸ ਦੇ ਆਕਾ ਕੌਂਸਲਰ ਕਮਲਜੀਤ ਸਿੰਘ ਕੜਵਲ ਨੇ ਜਥੇਦਾਰ ਅਵਤਾਰ ਸਿੰਘ ਦਾ ਅਕਸ ਖਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ ਜੋ ਕਦਾਚਿਤ ਬਰਦਾਸ਼ਤ ਨਹੀਂ।ਸ਼੍ਰੋਮਣੀ ਕਮੇਟੀ ਦੇ ਉਕਤ ਦੋਵਾਂ ਆਗੂਆਂ ਨੇ ਪ੍ਰਸਾਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਇਸ ਨੂੰ ਸੋਸ਼ਲ ਸਾਈਟ ਤੇ ਪਾਉਣ ਵਾਲੇ ਦੋਵਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਦੋਵਾਂ ਅਹੁਦੇਦਾਰਾਂ ਨੇ ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਦੋਵਾਂ ਦੇ ਪਿਛੋਕੜ ਦੀ ਪੜਤਾਲ ਕਰਵਾਈ ਜਾਵੇ ਤੇ ਇਨ੍ਹਾਂ ਅਨੁਸ਼ਾਸਨਹੀਣ ਵਿਅਕਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੌਂਸਲਰ ਕਮਲਜੀਤ ਸਿੰਘ ਕੜਵਲ ਤੇ ਉਸ ਦੇ ਸਾਥੀ ਨੇ ਗੁਰੂ ਨਾਨਕ ਦੇਵ ਇੰਜੀ ਕਾਲਜ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਕਾਲਜ ਵਿਖੇ ਕਿਸੇ ਕੰਮ ਨੂੰ ਕਰਵਾਉਣ ਲਈ ਆਏ ਸਨ।ਇਸ ਸਮੇਂ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਪ੍ਰਧਾਨ ਸਾਹਿਬ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਫਿਰ ਸੋਸ਼ਲ ਸਾਈਟ ਤੇ ਪਾਈ ਹੈ ਜਿਸ ਤੇ ਪੁਲਿਸ ਥਾਣਾ ਡਾਬਾ ਵਿਖੇ ਕੇਸ ਦਰਜ ਹੈ।