ਅੰਮ੍ਰਿਤਸਰ 6 ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਤੱਕ ਸਿੱਖ ਧਰਮ ਨਾਲ ਸਬੰਧਤ ਜਾਣਕਾਰੀ ਪਹੁੰਚਾਉਣਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਵਿੱਚ ਕੋਈ ਵੀ ੧੬ ਸਾਲ ਦੀ ਉਮਰ ਤੋਂ ਉਪਰ ਵਾਲਾ ਸਿੱਖ, ਗੈਰ-ਸਿੱਖ, ਘਰੇਲੂ ਬੀਬੀਆਂ, ਨੌਕਰੀ-ਪੇਸ਼ਾ, ਵਪਾਰੀ, ਕਰਮਚਾਰੀ, ਰਿਟਾਇਰਡ ਅਧਿਕਾਰੀ ਭਾਵ ਹਰ ਧਰਮ ਨਾਲ ਸਬੰਧਤ ਵਿਅਕਤੀ ਦਾਖਲਾ ਲੈ ਕੇ ਘਰ ਬੈਠਿਆਂ ਹੀ ਮੁਫਤ ਕੋਰਸ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਕੋਰਸ ਨਾਲ ਸਬੰਧਤ ਸਾਰੀ ਪਾਠ ਸਮੱਗਰੀ ਇਮਤਿਹਾਨ ਆਦਿ ਦਾ ਕੋਈ ਖਰਚਾ ਨਹੀਂ ਹੈ ਤੇ ਇਹ ਸਮੱਗਰੀ ਰਜਿਸਟਰਡ ਡਾਕ ਰਾਹੀਂ ਸਿਖਿਆਰਥੀਆਂ ਨੂੰ ਮੁਫਤ ਭੇਜੀ ਜਾਂਦੀ ਹੈ ਅਤੇ ਇਮਤਿਹਾਨ ਦਫ਼ਤਰ ਵੱਲੋਂ ਨਿਰਧਾਰਤ ਨਜ਼ਦੀਕੀ ਪ੍ਰੀਖਿਆ ਕੇਂਦਰਾਂ ਵਿੱਚ ਲਏ ਜਾਣਗੇ।ਉਨ੍ਹਾਂ ਦੱਸਿਆ ਕਿ ਲਿਖਤੀ ਪ੍ਰੀਖਿਆ ਹਰ ਸਾਲ ਜਨਵਰੀ ਵਿੱਚ ਲਈ ਜਾਂਦੀ ਹੈ।ਪ੍ਰੀਖਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ੫੧੦੦, ੪੧੦੦ ਅਤੇ ੩੧੦੦ ਰੁਪਏ ਅਤੇ ੮੦ ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਸਮੁੱਚੇ ਵਿਦਿਆਰਥੀਆਂ ਨੂੰ ੧੧੦੦-੧੧੦੦ ਰੁਪਏ ਦਾ ਵਿਸ਼ੇਸ਼ ਸਨਮਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕੋਰਸ ਵਿੱਚ ਕੇਵਲ ੧੦੦ ਰੁਪਏ ਰਜਿਟਰੇਸ਼ਨ ਫੀਸ ਦੇ ਕੇ ਦਾਖਲਾ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕੋਰਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ ੦੧੮੩-੨੫੫੩੯੬੨ ਤੇ ਸਵੇਰੇ ੯.੩੦ ਤੋਂ ਸ਼ਾਮ ੪.੩੦ ਵਜੇ ਤੀਕ ਸੰਪਰਕ ਕੀਤਾ ਜਾ ਸਕਦਾ ਹੈ।