ਅੰਮ੍ਰਿਤਸਰ, ੧੮ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਨੇ ੧੯੭੧ ਦੀ ਜੰਗ ਵਿਚ ਅਹਿਮ ਯੋਗਦਾਨ ਪਾਇਆ ਅਤੇ ਇਸ ਜੰਗ ਦੌਰਾਨ ਲੌਂਗੇਵਾਲਾ ਪੋਸਟ ਨੂੰ ਬਚਾਉਣ ਲਈ ਕੇਵਲ ਇੱਕ ਸੌ ਵੀਹ ਦੇ ਕਰੀਬ ਜਵਾਨਾਂ ਨਾਲ ਹੀ ਦੁਸ਼ਮਣ ਦੇ ਕਰੀਬ ਦੋ ਹਜ਼ਾਰ ਸੈਨਿਕਾਂ ਤੇ ਟੈਂਕਾਂ ਨੂੰ ਰੋਕੀ ਰੱਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਿੰਮਤ, ਦ੍ਰਿੜਤਾ, ਦੇਸ਼ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਮਹਾਂਵੀਰ ਚੱਕਰ ਨਾਲ ਸਨਮਾਨਿਤ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਜਿਹੇ ਮਨੁੱਖ ਦਾ ਸੰਸਾਰ ਤੋਂ ਤੁਰ ਜਾਣਾ ਦੇਸ਼ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਸਦਾ ਹੀ ਦੇਸ਼ ਤੇ ਕੌਮ ਦੇ ਨੌਜਵਾਨਾਂ ਲਈ ਮਾਰਗ ਦਰਸ਼ਨ ਬਣੇ ਰਹਿਣਗੇ ਅਤੇ ਦੇਸ਼ ਵਾਸੀ ਉਨ੍ਹਾਂ ਦੀ ਬਹਾਦਰੀ ਨੂੰ ਸਦਾ ਯਾਦ ਰੱਖਣਗੇ। ਉਨ੍ਹਾਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਅਤੇ ਸਬੰਧੀਆਂ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਪ੍ਰਦਾਨ ਕਰਨ।