ਡਾ. ਜੋਗਾ ਸਿੰਘ ਵੱਲੋਂ ਭਾਸ਼ਾ ਨੀਤੀ ਬਾਰੇ ਕਿਤਾਬਚਾ ‘ਅੰਤਰਰਾਸ਼ਟਰੀ ਖੋਜ’ ਭੇਟ
23-07-2015-2ਅੰਮ੍ਰਿਤਸਰ 23 ਜੁਲਾਈ ( ) ਮੌਜੂਦਾ ਸਮੇਂ ਅੰਦਰ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਸਿੱਖਿਆ ਦਾ ਮਾਧਿਅਮ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਭਾਸ਼ਾ ਜਿਊਂਦੀ ਰਹਿ ਸਕਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਸ਼ਾ ਵਿਗਿਆਨ ਦੇ ਪ੍ਰਸਿੱਧ ਵਿਦਵਾਨ ਡਾ. ਜੋਗਾ ਸਿੰਘ ਵੱਲੋਂ ਭਾਸ਼ਾ ਨੀਤੀ ਬਾਰੇ ਲਿਖਿਆ ਕਿਤਾਬਚਾ ‘ਅੰਤਰਰਾਸ਼ਟਰੀ ਖੋਜ’ ਨੂੰ ਪ੍ਰਾਪਤ ਕਰਨ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਭਾਸ਼ਾ ਅਤੇ ਸੱਭਿਆਚਾਰ ਕੇਵਲ ਇਕ ਭਾਵਨਾਤਮਕ ਮਸਲਾ ਨਹੀਂ ਬਲਕਿ ਮਾਤ ਭਾਸ਼ਾ ਦੇ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਵਿੱਚ ਅਕਾਦਮਿਕ ਖੋਜ ਅਤੇ ਦਲੀਲਾਂ ਦਾ ਆਧਾਰ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਸ਼ਾ ਵਿਗਿਆਨਕ ਡਾ. ਜੋਗਾ ਸਿੰਘ ਵੱਲੋਂ ਤਿਆਰ ਕੀਤਾ ਗਿਆ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਕਿਤਾਬਚਾ ਬਹੁਤ ਸ਼ਲਾਘਾਯੋਗ ਦਸਤਾਵੇਜ ਹੈ।
ਇਸ ਮੌਕੇ ਡਾ. ਜੋਗਾ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਭਾਰਤੀ ਸਿੱਖਿਆ ਨੂੰ ਤੁਰੰਤ ਮਾਤ ਭਾਸ਼ਾਵਾਂ ਵਿੱਚ ਕਰਨ ਦੀ ਸਖਤ ਲੋੜ ਨੂੰ ਮੁੱਖ ਰੱਖਣ ਦੇ ਵਿਸ਼ੇ ਤੇ ਆਧਾਰਿਤ ਉਨ੍ਹਾਂ ਦੀਆਂ ਖੋਜ ਭਰਪੂਰ ਲਿਖਤਾਂ ਦਾ ਮੁੱਖ ਮਨੋਰਥ ਮਾਤ ਭਾਸ਼ਾ ਦੇ ਮਾਧਿਅਮ ਰਾਹੀ ਸਿੱਖਿਆ ਨੂੰ ਮਜਬੂਤ ਕਰਨਾ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਬਾਰੇ ਉਹ ਹੁਣ ਤੱਕ ਪੰਜਾਬੀ, ਹਿੰਦੀ, ਡੋਗਰੀ, ਅੰਗਰੇਜ਼ੀ, ਸ਼ਾਹਮੁੱਖੀ, ਤਾਮਿਲ, ਤੇਲਗੂ, ਕੰਨੜ, ਨੇਪਾਲੀ ਤੇ ਮੈਥਲੀ ਸਮੇਤ ਕੁਲ ਗਿਆਰਾਂ ਭਾਸ਼ਾਵਾਂ ਵਿੱਚ ਆਪਣੇ ਦਸਤਾਵੇਜ਼ ਲਿਖ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਮਲਿਆਲੀ, ਬੰਗਲਾ ਤੇ ਕੋਂਕਣੀ ਭਾਸ਼ਾ ਵਿੱਚ ਅਨੁਵਾਦ ਦਾ ਕਾਰਜ ਚੱਲ ਰਿਹਾ ਹੈ।
ਇਸ ਸਮੇਂ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।