imagesਅੰਮ੍ਰਿਤਸਰ : 8 ਜੂਨ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 10 ਜੂਨ ਨੂੰ ਵਿਰਾਸਤ-ਏ ਖਾਲਸਾ ਵਿਖੇ ‘ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਅਤੇ ਸੰਦੇਸ਼’ ਵਿਸ਼ੇ ਤੇ ਕਰਵਾਇਆ ਜਾਵੇਗਾ।
ਇਥੋਂ ਜਾਰੀ ਪ੍ਰੈਸ ਨੋਟ ‘ਚ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਸੈਮੀਨਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜਿਸ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨਗੇ। ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ: ਦਲਜੀਤ ਸਿੰਘ ਚੀਮਾ ਉਚੇਰੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਤੇ ਇਸ ਸਮੇਂ ਸ੍ਰ: ਸੁਖਦੇਵ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਹੋਣਗੇ। ਇਸ ਸੈਮੀਨਾਰ ‘ਚ ਸ੍ਰ: ਪ੍ਰਿਥੀਪਾਲ ਸਿੰਘ ਕਪੂਰ ਲੁਧਿਆਣਾ ਵੱਲੋਂ ਕੁੰਜੀਵਤ ਭਾਸ਼ਨ ਦਿੱਤਾ ਜਾਵੇਗਾ ਤੇ ਡਾ: ਜਸਪਾਲ ਸਿੰਘ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ।
ਸੈਮੀਨਾਰ ਦੇ ਦੂਸਰੇ ਸੈਸ਼ਨ ਸਮੇਂ ਸ੍ਰ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਹੋਣਗੇ ਤੇ ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਪ੍ਰਧਾਨਗੀ ਕਰਨਗੇ। ਸੈਮੀਨਾਰ ਸਮੇਂ ਡਾ: ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ: ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ, ਡਾ: ਜਸਬੀਰ ਸਿੰਘ ਸਾਬਰ ਸਾਬਕਾ ਡਾਇਰੈਕਟਰ, ਡਾ: ਸੁਖਦਿਆਲ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਡਾ: ਜਸਬੀਰ ਸਿੰਘ ਦਿੱਲੀ ਵਾਲੇ ਪਰਚੇ ਪੜਨਗੇ। ਸੈਮੀਨਾਰ ਦੀ ਅਰੰਭਤਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀ ‘ਦੇਹ ਸਿਵਾ ਬਰ ਮੋਹਿ ਇਹੈ’ ਦਾ ਸ਼ਬਦ ਗਾਇਣ ਕਰਨ ਉਪ੍ਰੰਤ ਹੋਵੇਗੀ।