ਅੰਮ੍ਰਿਤਸਰ 8 ਮਾਰਚ (        ) ਸਿੱਖ ਗੁਰੂ ਸਾਹਿਬ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਮਨੁੱਖੀ ਬਰਾਬਰਤਾ ਤੇ ਹਰ ਉਹ ਪ੍ਰਾਣੀ ਜੋ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਹੱਥੀਂ ਲੰਗਰ ਤਿਆਰ ਕਰਨ, ਵਰਤਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਮਨੁੱਖ ਨੂੰ ਵੱਡੇਭਾਗਾਂ ਨਾਲ ਨਸੀਬ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ‘ਚ ਲੁਧਿਆਣਾ ਦੇ ਦੋਰਾਹਾ ਦੀਆਂ ਸੰਗਤਾਂ ਨਾਲ ਲੰਗਰ ਦੀ ਸੇਵਾ ਕਰਨ ਉਪਰੰਤ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ ਤੇ ਸਿਮਰਨ ਦਾ ਵਿਲੱਖਣ ਸਿਧਾਂਤ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਦੋਰਾਹਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੜ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਦੋਰਾਹਾ ਦੀਆਂ ਸੰਗਤਾਂ ਵੱਲੋਂ ਆਟਾ 125 ਕੁਇੰਟਲ, ਦਾਲ 10 ਕੁਇੰਟਲ, ਖੰਡ 12 ਕੁਇੰਟਲ, ਕਣਕ 13 ਕੁਇੰਟਲ, ਚਾਵਲ 13 ਕੁਇੰਟਲ, ਗਿੱਲਾ ਦੁੱਧ 16 ਕੁਇੰਟਲ, ਪਨੀਰ 190 ਕਿਲੋ, ਪਿਆਜ਼ 7 ਕੁਇੰਟਲ ਤੋਂ ਇਲਾਵਾ ਪੱਤੀ, ਹਲਦੀ, ਲਾਲ ਮਿਰਚ, ਮਸਾਲਾ, ਸਰੋਂ ਦਾ ਤੇਲ, ਰਿਫਾਇਡ, ਦੇਸੀ ਮਿਰਚ, ਗੁੜ, ਸੇਵੀਆ, ਸੋਗੀ, ਜ਼ੀਰਾ, ਆਚਾਰ, ਹਰੇ ਮਟਰ, ਗੋਭੀ ਤੇ ਗਾਜਰ ਆਦਿ ਰਸਦਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਭੇਟ ਕੀਤੀਆਂ ਗਈਆਂ ਹਨ।

ਗੁਰੂ-ਘਰ ਦੀ ਸੇਵਾ ਲਈ ਭਾਈ ਰਾਮ ਸਿੰਘ ਤੇ ਸ. ਸੁਰਜੀਤ ਸਿੰਘ ਭਿੱਟੇਵਡ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਸ. ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਦੋਰਾਹਾ ਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਰਘਬੀਰ ਸਿੰਘ ਮੰਡ ਮੈਨੇਜਰ ਸ੍ਰੀ ਗੁਰੂ ਰਾਮਦਾਸ ਲੰਗਰ ਤੇ ਸ. ਲਖਬੀਰ ਸਿੰਘ ਵਧੀਕ ਮੈਨੇਜਰ ਵੀ ਹਾਜ਼ਰ ਸਨ।