ਅੰਮ੍ਰਿਤਸਰ, 28 ਅਪ੍ਰੈਲ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਮਜੀਠਾ ਵਿਖੇ ਬਿਜਲਈ ਉਪਕਰਨ ਦੀ ਵਜ੍ਹਾ ਕਾਰਨ ਲੱਗੀ ਅੱਗ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਹੁੰਚੇ ਨੁਕਸਾਨ ਲਈ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਘਟਨਾ ਕੇਵਲ ਪ੍ਰਬੰਧਕ ਕਮੇਟੀ ਦੀ ਅਣਹਿਗਲੀ ਕਾਰਨ ਹੀ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਲਈ ਅਪੀਲਾਂ ਕੀਤੀਆਂ ਗਈਆਂ ਹਨ ਪਰੰਤੂ ਅਜਿਹਾ ਲੱਗਦਾ ਹੈ ਕਿ ਪ੍ਰਬੰਧਕ ਕਮੇਟੀਆਂ ਅਵੇਸਲਾਪਣ ਛੱਡਣਾ ਹੀ ਨਹੀਂ ਚਾਹੁੰਦੀਆਂ। ਗੁਰੂ ਘਰ ਦੀ ਨਿਤਾਪ੍ਰਤੀ ਸੇਵਾ-ਸੰਭਾਲ ਦੇ ਨਾਲ-ਨਾਲ ਸੁਚੱਜੇ ਪ੍ਰਬੰਧ ਲਈ ਜ਼ਿੰਮੇਵਾਰੀ ਵੀ ਪ੍ਰਬੰਧਕਾਂ ਦੀ ਹੀ ਬਣਦੀ ਹੈ। ਪ੍ਰੋ: ਬਡੂੰਗਰ ਨੇ ਆਖਿਆ ਕਿ ਅੱਜ ਇਹ ਬੇਹੱਦ ਜ਼ਰੂਰੀ ਹੈ ਕਿ ਗੁਰਦੁਆਰਾ ਸਾਹਿਬਾਨ ਵਿਚ ਲੱਗੇ ਬਿਜਲਈ ਉਪਕਰਨਾਂ ਅਤੇ ਸਮੁੱਚੀ ਵਾਇਰਿੰਗ ਦਾ ਦੁਬਾਰਾ ਨਿਰੀਖਣ ਕਰਵਾਇਆ ਜਾਵੇ ਅਤੇ ਉਸ ਵਿਚਲੀਆਂ ਕਮੀਆਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਗਰਮੀ ਦੇ ਮੌਸਮ ਕਾਰਨ ਅਜਿਹੇ ਹਾਦਸਿਆਂ ਦਾ ਖਤਰਾ ਹੋਰ ਵੀ ਵਧਿਆ ਹੈ, ਇਸ ਲਈ ਸਮੂਹ ਪ੍ਰਬੰਧਕ ਕਮੇਟੀਆਂ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣ। ਪ੍ਰੋ: ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਨ ਸਾਹਿਬਾਨ ਅਤੇ ਪ੍ਰਚਾਰਕਾਂ ਨੂੰ ਇਸ ਸਬੰਧੀ ਲੋਕਾਂ ਨੂੰ ਹੋਰ ਸੁਚੇਤ ਕਰਨ ਲਈ ਵੀ ਕਿਹਾ।