ਅੰਮ੍ਰਿਤਸਰ, 28 ਅਪ੍ਰੈਲ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਯਤਨਾਂ ਸਦਕਾ ਸਥਾਨਕ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਤਿਆਰ ਕਰਨ ਲਈ ਭਾਫ ਪ੍ਰਣਾਲੀ (ਸਟੀਮ ਸਿਸਟਮ) ਦੀ ਆਰੰਭਤਾ ਅੱਜ ਅਰਦਾਸ ਉਪਰੰਤ ਕੀਤੀ ਗਈ। ਇਸ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਪਾਸੋਂ ਕਰਵਾਈ ਗਈ ਹੈ। ਲੰਗਰ ਤਿਆਰ ਕਰਨ ਲਈ ਆਰੰਭ ਕੀਤੀ ਗਈ ਇਸ ਸੇਵਾ ਤਹਿਤ ਦੋ ਵੱਡਅਕਾਰੀ ਬੋਇਲਰ ਲਗਾਏ ਗਏ ਹਨ, ਜਿਨ੍ਹਾਂ ਵਿਚ ਤਿਆਰ ਕੀਤੀ ਭਾਫ ਪਾਈਪਾਂ ਰਾਹੀਂ ਕੜਾਹਿਆਂ ਤਕ ਪਹੁੰਚੇਗੀ। ਇਨ੍ਹਾਂ ਕੜਾਹਿਆਂ ਵਿਚ ਲੰਗਰ ਵਾਸਤੇ ਸਬਜ਼ੀਆਂ, ਦਾਲਾਂ ਤੇ ਹੋਰ ਪਦਾਰਥ ਤਿਆਰ ਕੀਤੇ ਜਾ ਸਕਣਗੇ। ਇਹ ਵਿਧੀ ਜਿਥੇ ਲੰਗਰ ਤਿਆਰ ਕਰਨ ਸਮੇਂ ਦੀ ਬੱਚਤ ਕਰਨ ਵਿਚ ਸਹਾਈ ਹੋਵੇਗੀ ਉਥੇ ਹੀ ਇਸ ਨਾਲ ਬਾਲਣ ਦੀ ਲਾਗਤ ਵੀ ਘਟੇਗੀ। ਵਰਤਮਾਨ ਲੋੜ ਅਨੁਸਾਰ ਗੁਰੂ ਕੇ ਲੰਗਰਾਂ ਲਈ ਇਹ ਭਾਫ ਵਿਧੀ ਨਿਰਸੰਦੇਹ ਬਹੁਤ ਉਪਯੋਗੀ ਸਿੱਧ ਹੋਵੇਗੀ।
ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਧਰਮ ਪ੍ਰਚਾਰ ਕਮੇਟੀ ਸ. ਅਜਾਇਬ ਸਿੰਘ ਅਭਿਆਸੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਗੁਰਿੰਦਰ ਸਿੰਘ ਮੈਨੇਜਰ, ਸ. ਸੁਖਜਿੰਦਰ ਸਿੰਘ ਐਸ.ਡੀ.ਓ., ਸ. ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਬਾਬਾ ਸਾਧ ਜੀ, ਬਾਬਾ ਗੁਰਨਾਮ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਹਰੀ ਸਿੰਘ, ਸ. ਰਾਮ ਸਿੰਘ ਭਿੰਡਰ, ਭਾਈ ਅਮਰੀਕ ਸਿੰਘ, ਪ੍ਰੋ: ਸਰਦਾਰਾ ਸਿੰਘ, ਸ. ਨਵਤੇਜ ਸਿੰਘ, ਸ. ਮਾਲਕ ਸਿੰਘ, ਸ. ਹਰਵਿੰਦਰਪਾਲ ਸਿੰਘ, ਸ. ਅਮਰਜੀਤ ਸਿੰਘ, ਭਾਈ ਬੀਰ ਸਿੰਘ ਅਕਾਲੀ ਆਦਿ ਹਾਜ਼ਰ ਸਨ।