ਅੰਮ੍ਰਿਤਸਰ, ੨੫ ਸਤੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਗਿੱਲ ਲਿਵਿੰਗ ਟ੍ਰਸਟ ਅਮਰੀਕਾ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ। ਇਸ ਟ੍ਰਸਟ ਦੇ ਸੰਸਥਾਪਕ ਸਵਰਗੀ ਡਾਕਟਰ ਭਗਵੰਤ ਕੌਰ ਗਿੱਲ ਸਨ, ਜਿਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਇਸ ਰਾਸ਼ੀ ਦਾ ਚੈੱਕ ਉਨ੍ਹਾਂ ਦੇ ਰਿਸ਼ਤੇਦਾਰ ਸ. ਗੁਰਜੀਤ ਸਿੰਘ ਬਰਾੜ ਤੇ ਸ. ਜਗਤਾਰ ਸਿੰਘ ਬਰਾੜ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਿਆ। ਉਨ੍ਹਾਂ ਨਾਲ ਸ. ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਤੇ ਸ. ਜਗਸੀਰ ਸਿੰਘ ਕੋਟਲਾ ਵੀ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਮੀਤ ਸਕੱਤਰ ਸ. ਸਤਿੰਦਰ ਸਿੰਘ ਨੇ ਸ. ਗੁਰਜੀਤ ਸਿੰਘ ਤੇ ਸ. ਜਗਤਾਰ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਗੁਰੂ ਬਖਸ਼ਿਸ਼ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਡਾ. ਰੂਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਲੱਖਾਂ ਸੰਗਤਾਂ ਰੋਜ਼ਾਨਾਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚੋਂ ਪ੍ਰਸ਼ਾਦਾ ਛਕਦੀਆਂ ਹਨ। ਇਹ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ ਅਤੇ ਇਥੇ ਸੇਵਾ ਕਰਨ ਵਾਲਿਆਂ ਦੀ ਸ਼ਰਧਾ ਦੀ ਵੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਅਮਰੀਕਾ ਦੇ ਟ੍ਰਸਟ ਵੱਲੋਂ ਲੰਗਰ ਲਈ ਸੇਵਾ ਦੇਣ ‘ਤੇ ਬਰਾੜ ਭਰਾਵਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਧੰਨਵਾਦ ਕੀਤਾ।