ਅੰਮ੍ਰਿਤਸਰ, ੨੫ ਸਤੰਬਰ – ਸ੍ਰੀ ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ੧੪ ਅਕਤੂਬਰ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਵਿਚ ਪੰਜਾਬ ਭਰ ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਸ਼ਿਰਕਤ ਕਰਨਗੀਆਂ। ਇਸ ਦੌਰਾਨ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੇਵਾਦਾਰਾਂ ਵੱਲੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸਕ ੧੨ ਦਰਵਾਜ਼ਿਆਂ ‘ਤੇ ਵਿਸ਼ੇਸ਼ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ। ਇਹ ਸੇਵਾਵਾਂ ਲੰਗਰ, ਛਬੀਲਾਂ ਤੇ ਸਜਾਵਟ ਦੇ ਰੂਪ ਵਿਚ ਹੋਣਗੀਆਂ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਵੱਖ-ਵੱਖ ਸੁਸਾਇਟੀਆਂ ਦੇ ਮੁੱਖ ਸੇਵਾਦਾਰਾਂ ਨੇ ਨਗਰ ਕੀਰਤਨ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬਧਤਾ ਪ੍ਰਗਟਾਈ। ਇਕੱਤਰਤਾ ਦੌਰਾਨ ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਤੋਂ ਸੁਸਾਇਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਵੀ ਮੌਜੂਦ ਸਨ।
ਡਾ. ਰੂਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਸ਼ਹਿਰ ਦੇ ਇਤਿਹਾਸਕ ੧੨ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਨਗਰ ਕੀਰਤਨ ਦੌਰਾਨ ਜਿਥੇ ਸ਼ਹਿਰ ਦੀਆਂ ਸੰਗਤਾਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਸਭਾ-ਸੁਸਾਇਟੀਆਂ ਸ਼ਾਮਲ ਹੋਣਗੀਆਂ, ਉਥੇ ਹੀ ਪੰਜਾਬ ਭਰ ਦੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਵੀ ਭਰਵੀਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਪ੍ਰਤੀਨਿਧਾਂ ਵੱਲੋਂ ਇਸ ਸਬੰਧੀ ਹਰ ਪੱਧਰ ‘ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਹ ਪ੍ਰਕਾਸ਼ ਪੁਰਬ ਮੌਕੇ ਹੋਰ ਵੱਖ-ਵੱਖ ਸਮਾਗਮਾਂ ਦੌਰਾਨ ਵੀ ਸਹਿਯੋਗ ਕਰਨਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਦਿਹਾੜੇ ਮੌਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਹਿਯੋਗ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਮਨਜਿੰਦਰ ਸਿੰਘ ਮੰਡ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ, ਸ. ਹਰਪ੍ਰੀਤ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਵਿੱਚੋਂ ਸ. ਗੁਰਦੀਪ ਸਿੰਘ ਸਲੂਜਾ, ਸ. ਰਾਜਿੰਦਰ ਸਿੰਘ ਪਦਮ ਬਟਾਲਾ, ਸ. ਸਵਰਨ ਸਿੰਘ, ਬੀਬੀ ਹਰਜੀਤ ਕੌਰ, ਸ. ਸਤਨਾਮ ਸਿੰਘ, ਸ. ਜਗਦੀਸ਼ ਸਿੰਘ, ਸ. ਸਵਿੰਦਰ ਸਿੰਘ ਕੋਹਾਲੀ, ਸ. ਕੁਲਵਿੰਦਰ ਸਿੰਘ ਪ੍ਰੀਤ, ਸ. ਗੁਰਮੁਖ ਸਿੰਘ, ਸ. ਸ਼ਿਵਦੇਵ ਸਿੰਘ, ਸ. ਰਣਜੀਤ ਸਿੰਘ, ਸ. ਸੁਖਦੇਵ ਸਿੰਘ, ਸ. ਬਲਵਿੰਦਰ ਸਿੰਘ, ਸ. ਜੋਗਾ ਸਿੰਘ, ਸ. ਰਘਬੀਰ ਸਿੰਘ, ਸ. ਹਰਦੀਪ ਸਿੰਘ, ਸ. ਬਸੰਤ ਸਿੰਘ, ਸ. ਜਗਦੇਵ ਸਿੰਘ, ਸ. ਕਰਨਦੀਪ ਸਿੰਘ, ਸ. ਰਣਬੀਰ ਸਿੰਘ, ਸ. ਅਮਰੀਕ ਸਿੰਘ, ਸ. ਅਜੀਤ ਸਿੰਘ, ਸ. ਜਗਤਾਰ ਸਿੰਘ ਪਲਾਸੌਰ ਆਦਿ ਮੌਜੂਦ ਸਨ।