ਅੰਮ੍ਰਿਤਸਰ, 12 ਜੂਨ- ਅਮਰੀਕਾ ਨਿਵਾਸੀ ਪ੍ਰਸਿੱਧ ਸਿੱਖ ਕਾਰੋਬਾਰੀ ਸ. ਗੁਰਚਰਨ ਸਿੰਘ ਰੱਕੜ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਰੱਕੜ 10 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਮ ਸੰਸਕਾਰ 13 ਜੂਨ ਨੂੰ ਫਰਿਜ਼ਨੋ ਵਿਖੇ ਹੋਵੇਗਾ। ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਡਾ. ਰੂਪ ਸਿੰਘ ਨੇ ਕਿਹਾ ਕਿ ਸ. ਗੁਰਚਰਨ ਸਿੰਘ ਰੱਕੜ ਦਾ ਚਲਾਣਾ ਦੁਖਦਾਈ ਹੈ। ਉਨ੍ਹਾਂ ਨੇ ਅਮਰੀਕਾ ਅੰਦਰ ਸਿੱਖ ਪਛਾਣ ਨੂੰ ਹੋਰ ਉਭਾਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਮੁੱਖ ਸਕੱਤਰ ਨੇ ਆਖਿਆ ਕਿ ਸ. ਰੱਕੜ ਬਾਗਾਂ ਦੇ ਕਾਰੋਬਾਰੀ ਵਜੋਂ ਸਫਲ ਕਿਸਾਨ ਸਨ ਅਤੇ ਉਹ ਹਮੇਸ਼ਾ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਤੱਤਪਰ ਰਹਿੰਦੇ ਸਨ। ਫਰਿਜ਼ਨੋ ਨੇੜੇ ਮੰਡੇਰਾ ਵਿਖੇ ਉਨ੍ਹਾਂ ਨੇ ਫਰੂਟ ਦੇ ਕਾਰੋਬਾਰ ਵਿਚ ਵੱਡਾ ਨਾਮਣਾ ਖੱਟਿਆ। ਉਹ ਆਪਣੇ ਕਾਰੋਬਾਰ ਦੇ ਨਾਲ-ਨਾਲ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਵੀ ਕਰਵਾਉਂਦੇ ਰਹਿੰਦੇ ਸਨ। ਇਸ ਦੇ ਨਾਲ ਹੀ ਉਹ ਲੜਕੀਆਂ ਦਾ ਇਕ ਡਿਗਰੀ ਕਾਲਜ ਵੀ ਚਲਾ ਰਹੇ ਸਨ। ਡਾ. ਰੂਪ ਸਿੰਘ ਨੇ ਸ. ਗੁਰਚਰਨ ਸਿੰਘ ਰੱਕੜ ਦੇ ਚਲਾਣੇ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।