ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਸ਼ਰਧਾਲੂ ਵੱਲੋਂ ਭੇਜੀ ਮਾਇਆ ਮੈਨੇਜਰ ਸ. ਮੁਖਤਾਰ ਸਿੰਘ ਨੂੰ ਸੌਂਪੀ

ਅੰਮ੍ਰਿਤਸਰ, 24 ਜੁਲਾਈ- ਅਮਰੀਕਾ ਨਿਵਾਸੀ ਗੁਰੂ ਘਰ ਦੇ ਸ਼ਰਧਾਲੂ ਸ. ਸਤਵਿੰਦਰ ਸਿੰਘ ਮੰਡਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 1 ਲੱਖ 5 ਪੰਜ ਹਜ਼ਾਰ ਰੁਪਏ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ। ਉਨ੍ਹਾਂ ਵੱਲੋਂ ਭੇਜੀ ਗਈ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੂੰ ਸੌਂਪੀ। ਇਸ ਮੌਕੇ ਭਾਈ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਸਿੱਖ ਧਰਮ ਅੰਦਰ ਵੱਡਾ ਮਹੱਤਵ ਰੱਖਦੀ ਹੈ ਅਤੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੰਗਤਾਂ ਭੇਟਾਵਾਂ ਅਰਪਤ ਕਰਕੇ ਆਪਣੀ ਸ਼ਰਧਾ ਪ੍ਰਗਟਾਉਂਦੀਆਂ ਰਹਿੰਦੀਆਂ ਹਨ। ਅਮਰੀਕਾ ਨਿਵਾਸੀ ਸ. ਸਤਵਿੰਦਰ ਸਿੰਘ ਮੰਡਾਲੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰੂ ਕੇ ਲੰਗਰਾਂ ਲਈ ਮਾਇਆ ਭੇਜ ਕੇ ਸ਼ਰਧਾ ਪ੍ਰਗਟਾਈ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਅਮਰੀਕਾ ਨਿਵਾਸੀ ਸ. ਸਤਵਿੰਦਰ ਸਿੰਘ ਦੇ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਈ ਖ਼ਾਲਸਾ ਅਤੇ ਨਾਲ ਆਈਆਂ ਸੰਗਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੀਤ ਮੈਨੇਜਰ ਸ. ਗੁਰਪ੍ਰੀਤ ਸਿੰਘ ਅਤੇ ਸਕਾਲਰ ਸ. ਰਾਜਵਿੰਦਰ ਸਿੰਘ ਜੋਗਾ ਵੀ ਮੌਜੂਦ ਸਨ।