ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਰਾਹੀਂ ਪਾਕਿਸਤਾਨ ਸਰਕਾਰ ਨਾਲ ਤੁਰੰਤ ਗੱਲ ਕਰੇ -ਭਾਈ ਲੌਂਗੋਵਾਲ 

ਅੰਮ੍ਰਿਤਸਰ, 28 ਜੁਲਾਈ-  ਪਾਕਿਸਤਾਨ ਅੰਦਰ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ’ਤੇ ਸਥਾਨਕ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਸ਼ਹੀਦਾਂ ਨਾਲ ਸਬੰਧਤ ਅਸਥਾਨਾਂ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਕੰਮ ਕਰ ਰਹੇ ਲੋਕਾਂ ਨੂੰ ਨੱਥ ਪਾਵੇ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਸਿੱਖਾਂ ਦੇ ਇਸ ਇਤਿਹਾਸਕ ਅਸਥਾਨ ’ਤੇ ਸਿੱਖਾਂ ਦਾ ਹੱਕ ਨਾ ਹੋਣ ਦੀ ਗੱਲ ਕਰਨ ਵਾਲੇ ਕਬਜ਼ਾਧਾਰਕ ਸੁਹੇਲ ਬੱਟ ਵੱਲੋਂ ਸਿੱਖਾਂ ਨੂੰ ਉਲਟਾ ਧਮਕੀਆਂ ਦੇਣ ਦੀ ਵੀ ਅਲੋਚਨਾ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਮੌਜੂਦ ਹਨ, ਜਿਨ੍ਹਾਂ ਨਾਲ ਪੂਰੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਵਿੱਚੋਂ ਹੀ ਇਕ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਵੀ ਹੈ। ਭਾਈ ਤਾਰੂ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ। ਉਨ੍ਹਾਂ ਨੇ ਹੱਕ ਸੱਚ ਲਈ ਆਪਣੀ ਕੁਰਬਾਨੀ ਦੇ ਕੇ ਸਿੱਖ ਨੌਜੁਆਨੀ ਲਈ ਇਕ ਵੱਡੀ ਮਿਸਾਲ ਪੈਦਾ ਕੀਤੀ ਹੈ। ਕੌਮ ਦੇ ਇਸ ਸ਼ਹੀਦ ਦੇ ਅਸਥਾਨ ਨੂੰ ਕੁਝ ਲੋਕਾਂ ਵੱਲੋਂ ਆਪਣੇ ਕਬਜ਼ੇ ਵਿਚ ਲੈਣ ਦੀ ਕਾਰਵਾਈ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਬਜ਼ਾ ਕਰਨ ਵਾਲੇ ਲੋਕ ਉਲਟਾ ਸਿੱਖਾਂ ਨੂੰ ਧਮਕੀਆਂ ਵੀ ਦੇ ਰਹੇ ਹਨ। ਭਾਈ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਮੰਤਰਾਲੇ ਰਾਹੀਂ ਪਾਕਿਸਤਾਨ ਸਰਕਾਰ ਨਾਲ ਤੁਰੰਤ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ ਇਹ ਬੇਹੱਦ ਜ਼ਰੂਰੀ ਮਾਮਲਾ ਹੈ, ਜਿਸ ਨੂੰ ਭਾਰਤ ਸਰਕਾਰ ਸੰਜੀਦਗੀ ਨਾਲ ਲਵੇ।