ਮੀਡੀਏ ਨੂੰ ਵੀ ਐਸੀਆਂ ਖਬਰਾਂ ਨਾ ਪ੍ਰਕਾਸ਼ਿਤ ਕਰਨ ਦੀ ਕੀਤੀ ਅਪੀਲ

ਅੰਮ੍ਰਿਤਸਰ : 26 ਜੂਨ (        ) ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਤਬਦੀਲੀ ਸ਼ੁਦਾ ਅਰਦਾਸੀਏ ਭਾਈ ਬਲਬੀਰ ਸਿੰਘ ਅਤੇ ਸ੍ਰ: ਗੁਰਪ੍ਰੀਤ ਸਿੰਘ ਸੇਵਾਦਾਰ ਨੂੰ ਮਰਯਾਦਾ ਦੇ ਉਲਟ ਬਿਆਨ ਦੇ ਕੇ ਝੂਠੀ ਸ਼ੋਹਰਤ ਹਾਸਿਲ ਕਰਨ ਤੋਂ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਦੋਵੇਂ ਸਖ਼ਸ਼ ਭਲੀ ਭਾਂਤ ਜਾਣਦੇ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹ ਹੀ ਮੁਲਾਜ਼ਮ ਸੇਵਾ ਕਰ ਸਕਦੇ ਹਨ ਜੋ ਉਸ ਸਮੇਂ ਡਿਊਟੀ ਤੇ ਤਾਇਨਾਤ ਹੁੰਦੇ ਹਨ ਜਾਂ ਫਿਰ ਉਹ ਪ੍ਰੇਮੀ ਸੇਵਾ ਕਰ ਸਕਦੇ ਹਨ ਜਿਨ੍ਹਾਂ ਕੋਲ ਪਾਸ ਹੋਣ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸਖ਼ਸ਼ ਇਸ ਤਰ੍ਹਾਂ ਕਰਕੇ ਝੂਠੀ ਸ਼ੋਹਰਤ ਹਾਸਿਲ ਕਰਨ ਤੇ ਆਪਣਾ ਨਾਮ ਚਮਕਾਉਣ ਦੀ ਆੜ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਤਾਰ-ਤਾਰ ਕਰ ਰਹੇ ਹਨ, ਜੋ ਉਚਿੱਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਹਰ ਇਕ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਦਾ ਪੂਰਾ ਪੂਰਾ ਖਿਆਲ ਰੱਖੇ। ਉਨ੍ਹਾਂ ਮੀਡੀਏ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਬੇ-ਬੁਨਿਯਾਦ ਖਬਰਾਂ ਛਾਪਣ ਤੋਂ ਗੁਰੇਜ ਕਰਨ ਜੋ ਗੁਰੂ ਘਰ ਦੀ ਮਰਯਾਦਾ ਨੂੰ ਢਾਹ ਲਗਾਉਣ ਵਾਲੀਆਂ ਹੋਣ ਤੇ ਕਿਸੇ ਸਖ਼ਸ਼ ਵੱਲੋਂ ਜਾਣ ਬੁੱਝ ਕੇ ਨਾਮ ਕਮਾਉਣ ਤੇ ਝੂਠੀ ਸ਼ੋਹਰਤ ਹਾਸਿਲ ਕਰਨ ਲਈ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹੋਣ।