ਅੰਮ੍ਰਿਤਸਰ : 26 ਜੂਨ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਲੇਰ ਕੋਟਲੇ ਵਿੱਚ ਖੰਨਾ ਰੋਡ ਤੇ ਬਾਬਾ ਬੋਦਲੇ ਸਾਹਿਬ ਕਬਰਿਸਤਾਨ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਕੁਰਾਨ-ਏ-ਪਾਕ ਦੇ ਪੰਨੇ ਪਾੜ ਕੇ ਸੁੱਟਣ ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਧਰਮਾਂ ਦੇ ਗ੍ਰੰਥ ਅਤਿ ਸਤਿਕਾਰਤ ਹੁੰਦੇ ਹਨ ਤੇ ਪਾਵਨ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ। ਉਹ ਕੇਵਲ ਦੇਸ਼ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਫੈਲਾਉਣ ਦੀ ਤਾਕ ਵਿੱਚ ਹੀ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਐਸੇ ਅਨਸਰਾਂ ਖਿਲਾਫ਼ ਸਰਕਾਰ ਵੱਲੋਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਹੁਣ ਕੁਰਾਨ-ਏ-ਪਾਕ ਦੇ ਪੰਨੇ ਪਾੜ ਕੇ ਸੁੱਟਣਾ ਕਿਸੇ ਗਿਣੀ ਮਿਥੀ ਸਾਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਐਸੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੀਆਂ ਤਾਕਤਾਂ ਪੰਜਾਬ ਵਿੱਚ ਸ਼ਾਂਤ ਮਈ ਮਾਹੌਲ ਨੂੰ ਲਾਂਬੂ ਲਗਾਉਣ ਦੀਆਂ ਗੁੱਜੀਆਂ ਸਾਜਿਸ਼ਾਂ ਰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਐਸੀਆਂ ਮੰਦ ਭਾਗੀਆਂ ਘਟਨਾਵਾਂ ਨੂੰ ਵਾਪਰਨ ਤੋਂ ਸਮੇਂ ਸਿਰ ਨਾ ਰੋਕਿਆ  ਗਿਆ ਤਾਂ ਇਸ ਨਾਲ ਦੇਸ਼ ਦੇ ਹਾਲਾਤ ਕਿਸੇ ਸਮੇਂ ਵੀ ਖਰਾਬ ਹੋ ਸਕਦੇ ਹਨ।

ਉਨ੍ਹਾਂ ਸਾਰੇ ਮੁਸਲਿਮ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਨਾਜੁਕ ਸਮੇਂ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਇਹ ਜੋ ਕੁਝ ਵੀ ਵਾਪਰਿਆ ਹੈ ਬਹੁਤ ਹੀ ਮੰਦਭਾਗਾ ਹੈ ਤੇ ਇਸ ਲਈ ਸਰਕਾਰ ਨੂੰ ਵੀ ਗੰਭੀਰਤਾ ਨਾਲ ਵਿਚਾਰ ਕਰਕੇ ਐਸੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਅਤੇ ਉਨ੍ਹਾਂ ਦੇ ਧਰਮ ਗ੍ਰੰਥ ਅਤਿ ਸਤਿਕਾਰਤ ਹਨ ਤੇ ਇਨ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਦਾਚਿੱਤ ਵੀ ਮੁਆਫ਼ ਨਹੀਂ ਕਰਨਾ ਚਾਹੀਦਾ।