ਅੰਮ੍ਰਿਤਸਰ, 22 ਜੁਲਾਈ- ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਜਾ ਰਹੇ ਸਿੱਖਾਂ ਦੇ ਕਾਫ਼ਲੇ ‘ਤੇ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਹਮਲੇ ਦੌਰਾਨ ਸਿੱਖ ਆਗੂ ਸ. ਅਵਤਾਰ ਸਿੰਘ ਖ਼ਾਲਸਾ ਸਮੇਤ ਕਈ ਸਿੱਖ ਮਾਰੇ ਗਏ ਸਨ ਅਤੇ ਕੁਝ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਹਾਇਤਾ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਟਡ ਅਤੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਸਬੰਧਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ। ਇਸ ਮੌਕੇ ਅਫ਼ਗਾਨੀ ਸਿੱਖਾਂ ਦੇ ਆਗੂ ਸ. ਹੀਰਾ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਔਖੀ ਘੜੀ ‘ਚ ਅਫ਼ਗਾਨਿਸਤਾਨ ਦੇ ਸਿੱਖਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਅਫ਼ਗਾਨਿਸਤਾਨ ਦੇ ਨਾਸਾਜ਼ ਹਾਲਾਤਾਂ ਕਰਕੇ ਬਹੁਤ ਸਾਰੇ ਸਿੱਖ ਅੱਜ ਉਥੋਂ ਹਿਜਰਤ ਕਰ ਚੁੱਕੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਨ ਅੰਦਰ ਅੱਜ ਸਿੱਖਾਂ ਦੀ ਗਿਣਤੀ ਅੱਜ ਨਾ-ਮਾਤਰ ਹੀ ਰਹਿ ਗਈ ਹੈ, ਜਿਸ ਲਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਹਮਲੇ ਤੋਂ ਬਾਅਦ ਬਹੁਤ ਸਾਰੇ ਹੋਰ ਪਰਿਵਾਰ ਵੀ ਅਫ਼ਗਾਨਿਸਤਾਨ ਛੱਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਐਲਾਨੀ ਗਈ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ੧੪ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਵੀ ੫੦-੫੦ ਹਜ਼ਾਰ ਰੁਪਏ ਦੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ, ਜੋ ਜਲਦ ਹੀ ਸਬੰਧਤਾਂ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਅਫ਼ਗਾਨੀ ਸਿੱਖਾਂ ਵਿੱਚੋਂ ਸ. ਰਘਬੀਰ ਸਿੰਘ, ਸ. ਬਲਦੇਵ ਸਿੰਘ, ਸ. ਵਰਿਆਮ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਅਤੇ ਹੋਰ ਮੌਜੂਦ ਸਨ।