ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤਾ ਗਿਆ ਫ਼ੌਜੀ ਹਮਲਾ ਭੁਲਾਇਆ ਨਹੀਂ ਜਾ ਸਕਦਾ- ਭਾਈ ਲੌਂਗੋਵਾਲ

ਸੰਗਰੂਰ, 22 ਜੁਲਾਈ- ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ (ਸੰਗਰੂਰ) ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਜੂਨ ੧੯੮੪ ‘ਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਕੀਤੇ ਗਏ ਹਮਲੇ ਦੌਰਾਨ ਇਸ ਨਗਰ (ਚੀਮਾ) ਦੇ ਵੀ ਕੁਝ ਸਿੰਘ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ ੧੪ ਫੱਟੜ ਹੋ ਗਏ ਸਨ ਅਤੇ ੭੯ ਸਿੰਘ/ਸਿੰਘਣੀਆਂ ਨੂੰ ਜ਼ੇਲ੍ਹ ਵੀ ਕੱਟਣੀ ਪਈ। ਸ਼ਹੀਦੀ ਸਮਾਗਮ ਮੌਕੇ ਬੋਲਦਿਆਂ ਭਾਈ ਲੌਂਗੋਵਾਲ ਨੇ ਆਖਿਆ ਕਿ ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤਾ ਗਿਆ ਫ਼ੌਜੀ ਹਮਲਾ ਸਮੇਂ ਦੀ ਕੇਂਦਰ ਹਕੂਮਤ ਦਾ ਬੇਹੱਦ ਘਟੀਆ ਕਾਰਾ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ/ਸਿੰਘਣੀਆਂ ਸਿੱਖ ਕੌਮ ਦਾ ਮਾਣ ਹਨ ਅਤੇ ਇਨ੍ਹਾਂ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ ਉਹ ਘੱਟ ਹੈ। ਉਨ੍ਹਾਂ ਇਸ ਮੌਕੇ ਨਗਰ ਚੀਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਹੋਰ ਸਿਤਮ ਝੱਲਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਉਦੈ ਸਿੰਘ ਲੌਂਗੋਵਾਲ, ਸ. ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਸ. ਦਰਸ਼ਨ ਸਿੰਘ ਪੀ.ਏ., ਸ. ਜਸਬੀਰ ਸਿੰਘ ਜੱਸੀ, ਸ. ਗੁਰਦੀਪ ਸਿੰਘ ਔਲਖ, ਸ. ਮੀਤ ਸਿੰਘ ਧਾਲੀਵਾਲ, ਸ. ਗੁਰਦੀਪ ਸਿੰਘ ਚਹਿਲ, ਸ. ਨਿੰਦਰ ਸਿੰਘ ਚਹਿਲ ਐਮ.ਸੀ., ਸ. ਪਾਲ ਸਿੰਘ ਸਾਬਕਾ ਐਮ.ਸੀ., ਸ. ਬਿੱਕਰ ਸਿੰਘ ਸਾਬਕਾ ਪ੍ਰਧਾਨ, ਸ. ਅਜਾਇਬ ਸਿੰਘ ਮੈਨੇਜਰ, ਸ. ਜਰਨੈਲ ਸਿੰਘ ਮੀਤ ਮੈਨੇਜਰ ਸ. ਜੈ ਸਿੰਘ, ਸ. ਮਿੱਠਾ ਸਿੰਘ ਮਾਨ, ਸ੍ਰੀ ਮੀਤ ਧਾਲੀਵਾਲ ਆਦਿ ਮੌਜੂਦ ਸਨ।