ਡਾ. ਰੂਪ ਸਿੰਘ ਨੇ 1 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ

ਅੰਮ੍ਰਿਤਸਰ, 28 ਜੁਲਾਈ- 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਡਾਂ ਵਿਚ ਮੈਡਲ ਧਾਰਕਾਂ ਨੂੰ ਵੱਡੇ ਇਨਾਮ ਦੇਣ ਦੇ ਫੈਸਲੇ ਤਹਿਤ ਅੱਜ ਜੰਮੂ ਕਸ਼ਮੀਰ ਦੇ ਅੰਗਹੀਣ ਨੌਜੁਆਨ ਖਿਡਾਰੀ ਚੰਨਦੀਪ ਸਿੰਘ ਨੂੰ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ, ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਨਾਲ ਸਨਮਾਨਿਤ ਕੀਤਾ ਗਿਆ। ਚੰਨਦੀਪ ਸਿੰਘ ਤਾਇਕੋਵਾਂਡੋ ਅਤੇ ਸਕੇਟਿੰਗ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਚੁੱਕਾ ਹੈ ਅਤੇ ਉਸ ਨੇ ਤਾਇਕੋਵਾਂਡੋ ਵਿਚ ਦੋ ਸੋਨ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਅੰਤਰਰਾਸ਼ਟਰੀ ਪੱਧਰ ’ਤੇ ਜਿੱਤਿਆ ਹੋਇਆ ਹੈ। ਉਹ ਹੁਣ ਸਾਊਥ ਕੋਰੀਆ ਵਿਚ ਹੋਣ ਵਾਲੀ ਕਿੰਮਯੰਗ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਜਾ ਰਿਹਾ ਹੈ। ਆਪਣੇ ਪਿਤਾ ਸ. ਸੁਰਿੰਦਰ ਸਿੰਘ ਨਾਲ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ ਚੰਨਦੀਪ ਸਿੰਘ ਨੂੰ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਸਿੱਖ ਖਿਡਾਰੀਆਂ ਨੂੰ ਵੱਡੇ ਇਨਾਮ ਦੇਣ ਲਈ ਅੰਤ੍ਰਿੰਗ ਕਮੇਟੀ ਵਿਚ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਦੇ ਆਦੇਸ਼ਾਂ ’ਤੇ ਅੱਜ ਚੰਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਨਦੀਪ ਸਿੰਘ ਅਤੇ ਉਸਦੇ ਪਿਤਾ ਅਖ਼ਬਾਰ ਵਿੱਚੋਂ ਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਖ਼ਬਰ ਪੜ੍ਹ ਕੇ ਸ਼੍ਰੋਮਣੀ ਕਮੇਟੀ ਦਫ਼ਤਰ ਆਏ ਸਨ। ਇਨ੍ਹਾਂ ਨੇ ਦੱਸਿਆ ਕਿ ਚੰਨਦੀਪ ਸਿੰਘ ਸਾਊਥ ਕੋਰੀਆ ਵਿਖੇ ਖੇਡਣ ਲਈ ਜਾ ਰਿਹਾ ਹੈ, ਜਿਸ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਆਦੇਸ਼ ਅਨੁਸਾਰ ਚੰਨਦੀਪ ਸਿੰਘ ਨੂੰ ਫਿਲਹਾਲ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਹਵਾਈ ਟਿਕਟਾਂ ਦਾ ਪ੍ਰਬੰਧ ਕਰਨ ਲਈ ਦਿੱਤੀ ਗਈ ਹੈ, ਜਦਕਿ ਉਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ। ਉਨ੍ਹਾਂ ਕਿਹਾ ਕਿ ਅੰਗਹੀਣ ਹੋਣ ਦੇ ਬਾਵਜੂਦ ਵੀ ਗੁਰਸਿੱਖ ਖਿਡਾਰੀ ਚੰਨਦੀਪ ਸਿੰਘ ਨੇ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਕਰਕੇ ਸਿੱਖਾਂ ਦਾ ਨਾਮ ਵਿਸ਼ਵ ਭਰ ਵਿਚ ਰੋਸ਼ਨ ਕੀਤਾ ਹੈ, ਜਿਸ ਤੋਂ ਹੋਰਨਾਂ ਨੌਜੁਆਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨਾਲ ਚੰਨਦੀਪ ਸਿੰਘ ਨੂੰ ਨੌਕਰੀ ਦੇਣ ਲਈ ਵੀ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਨੌਜੁਆਨ ਖਿਡਾਰੀ ਚੰਨਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਣ-ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਇਹ ਸਨਮਾਨ ਸਮੁੱਚੀ ਕੌਮ ਵੱਲੋਂ ਦਿੱਤਾ ਗਿਆ ਹੈ ਅਤੇ ਉਹ ਹਮੇਸ਼ਾ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸਾਬਕਾ ਸਕੱਤਰ ਸ. ਸਤਬੀਰ ਸਿੰਘ ਧਾਮੀ, ਸ. ਮੁਖਤਾਰ ਸਿੰਘ ਮੈਨੇਜਰ, ਸ. ਇਕਬਾਲ ਸਿੰਘ ਮੁਖੀ ਵਧੀਕ ਮੈਨੇਜਰ, ਭਾਈ ਪਰਮਜੀਤ ਸਿੰਘ ਖਾਲਸਾ ਫੈਡਰੇਸ਼ਨ ਆਗੂ, ਸ. ਜਸਪਾਲ ਸਿੰਘ ਢੱਡੇ ਮੀਤ ਮੈਨੇਜਰ, ਸ. ਸਤਪਾਲ ਸਿੰਘ ਧਰਮਕੋਟ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਕਰਤਾਰ ਸਿੰਘ ਇੰਚਾਰਜ ਆਦਿ ਮੌਜੂਦ ਸਨ।