ਅੰਮ੍ਰਿਤਸਰ, ੧੩ ਸਤੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਇੰਦੌਰ ਤੋਂ ਅੱਗੇ ਰਵਾਨਾ ਹੋ ਗਿਆ। ਨਗਰ ਕੀਰਤਨ ਦੀ ਅੱਜ ਦੀ ਰਵਾਨਗੀ ਮਹਾਂਰਾਸ਼ਟਰ ਦੇ ਜ਼ਿਲ੍ਹਾ ਬੁਲਡਾਨਾ ‘ਚ ਪੈਂਦੇ ਖਾਮਗਾਉਂ ਲਈ ਹੋਈ। ਨਗਰ ਕੀਰਤਨ ‘ਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਬੀਤੇ ਚਾਰ ਦਿਨ ਤੋਂ ਮੱਧ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਸ਼ਹਿਰਾਂ, ਕਸਬਿਆਂ ਅੰਦਰ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਗਈ। ਉਨ੍ਹਾਂ ਦੱਸਿਆ ਕਿ ਹਰ ਥਾਂ ‘ਤੇ ਦੂਰ-ਦੁਰਾਡੇ ਤੋਂ ਚੱਲ ਕੇ ਸੰਗਤਾਂ ਨਗਰ ਕੀਰਤਨ ‘ਚ ਸ਼ਮੂਲੀਅਤ ਕਰਨ ਲਈ ਪੁੱਜਦੀਆਂ ਰਹੀਆਂ ਅਤੇ ਸ਼ਰਧਾ ਨਾਲ ਲੰਗਰਾਂ ਆਦਿ ਦੁਆਰਾ ਸੰਗਤਾਂ ਦੀ ਸੇਵਾ ਵੀ ਕੀਤੀ ਗਈ।
ਇਸੇ ਦੌਰਾਨ ਅੱਜ ਨਗਰ ਕੀਰਤਨ ਦੀ ਇੰਦੌਰ ਤੋਂ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਸੰਗਤ ਵੱਲੋਂ ਪੂਰੇ ਸ਼ਹਿਰ ਅੰਦਰ ਸਵਾਗਤੀ ਗੇਟ ਬਣਾਏ ਗਏ ਅਤੇ ਖੂਬਸੂਰਤ ਲੜੀਆਂ ਵੀ ਲਗਾਈਆਂ ਗਈਆਂ। ਸ. ਪੰਜੋਲੀ ਅਨੁਸਾਰ ਬੀਤੀ ਰਾਤ ਨਗਰ ਕੀਰਤਨ ਦੇ ਇੰਦੌਰ ਪੁੱਜਣ ‘ਤੇ ਮਾਹੌਲ ਬੇਹੱਦ ਅਲੌਕਿਕ ਸੀ। ਇਥੇ ਸੰਗਤ ਵੱਲੋਂ ਵੱਡੀ ਪੱਧਰ ‘ਤੇ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ। ਇੰਦੌਰ ਵਿਖੇ ਨਗਰ ਕੀਰਤਨ ਦੇ ਸਵਾਗਤ ਲਈ ਸਥਾਨਕ ਸਿੱਖ ਪ੍ਰਤੀਨਿਧਾਂ ਵਿਚ ਗੁਰਦੁਆਰਾ ਸਾਹਿਬ ਖ਼ਾਲਸਾ ਬਾਗ ਤੋਂ ਬਾਬਾ ਭੋਲਾ ਸਿੰਘ ਸਰਹਾਲੀ ਸਾਹਿਬ ਵਾਲੇ, ਸ. ਗੁਰਦੀਪ ਸਿੰਘ ਭਾਟੀਆ, ਸ. ਮਨਜੀਤ ਸਿੰਘ ਭਾਟੀਆ, ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦਰਬਾਰ ਦੇ ਪ੍ਰਧਾਨ ਸ. ਬਲਜੀਤ ਸਿੰਘ ਮਾਂਗਟ, ਸ. ਸੁਰਿੰਦਰ ਸਿੰਘ, ਸਕੱਤਰ ਸ. ਇੰਦਰ ਸਿੰਘ ਸੇਠੀ, ਸੰਯੁਕਤ ਸਕੱਤਰ ਸ. ਛਤਰਪਾਲ ਸਿੰਘ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਨਗਰ ਕੀਰਤਨ ਨਾਲ ਚੱਲ ਰਹੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ, ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਸ. ਬਖ਼ਸ਼ੀਸ਼ ਸਿੰਘ, ਸ. ਗੁਰਲਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।