-ਸੋਸ਼ਲ ਮੀਡੀਆ ‘ਤੇ ਸਾਹਮਣਾ ਆਇਆ ਹੈ ਇਹ ਮਾਮਲਾ

ਅੰਮ੍ਰਿਤਸਰ, 12 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੋਸ਼ਲ ਮੀਡੀਆ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਹਾਜ਼ਰ-ਨਾਜ਼ਰ ਗੁਰੂ ਹਨ, ਜਿਨ੍ਹਾਂ ਦਾ ਸਤਿਕਾਰ ਕਰਨਾ ਸਭ ਦਾ ਫ਼ਰਜ਼ ਹੈ। ਪਰੰਤੂ ਕੁਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ ਨੂੰ ਬੀਤੇ ਸਮੇਂ ‘ਚ ਵਿਦੇਸ਼ਾਂ ਤੋਂ ਮਰਯਾਦਾ ਦੀ ਉਲੰਘਣਾ ਕਰਕੇ ਭਾਰਤ ਲਿਆਉਣ ਦੀ ਕੋਝੀ ਹਰਕਤ ਕੀਤੀ ਹੈ, ਜਿਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਸੇ ਪਾਸ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ ਲਿਜਾਣ ਅਤੇ ਉਥੋਂ ਭਾਰਤ ਲਿਆਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਅਜਿਹਾ ਕਰਨ ਲਈ ਮਰਯਾਦਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਮ ਸਾਮਾਨ ਵਾਂਗ ਨਹੀਂ ਲਿਜਾਇਆ ਜਾ ਸਕਦਾ, ਪਰੰਤੂ ਸਾਹਮਣੇ ਆਈ ਵੀਡੀਓ ਵਿਚ ਅਜਿਹਾ ਹੁੰਦਾ ਵਿਖਾਈ ਦੇ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੇਸ਼ੱਕ ਇਹ ਮਾਮਲਾ ੨੦੧੮ ਦਾ ਦੱਸਿਆ ਜਾ ਰਿਹਾ ਹੈ, ਪਰੰਤੂ ਇਸ ਮੰਦਭਾਗੀ ਘਟਨਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਪੜਤਾਲ ਕਰਵਾਈ ਜਾਵੇਗੀ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਇਕ ਵੈੱਬ ਚੈਨਲ ਵੱਲੋਂ ਵਿਖਾਈ ਗਈ ਰਿਪੋਰਟ ਅਨੁਸਾਰ ਅਮਰੀਕਾ ਦੇ ਸੈਨਫਰਾਸਿਸਕੋ ਹਵਾਈ ਅੱਡੇ ‘ਤੇ ਇਹ ਘਟਨਾ ਵਾਪਰੀ ਹੈ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ ਨੂੰ ਭਾਰਤ ਲਿਆਉਂਦਿਆਂ ਦਿਖਾਇਆ ਗਿਆ ਹੈ। ਇਸ ਦੌਰਾਨ ਮਰਯਾਦਾ ਦਾ ਵੀ ਖ਼ਿਆਲ ਨਹੀਂ ਰੱਖਿਆ ਗਿਆ। ਰਿਪੋਰਟ ਅਨੁਸਾਰ ਇਹ ਘਟਨਾ ੨੦੧੮ ਦੀ ਹੈ ਅਤੇ ਇਸ ਵਿਚ ਏਅਰ ਈਡੀਆ ਦੇ ਮੁਲਾਜ਼ਮ ਵੀ ਸ਼ਾਮਲ ਦੱਸੇ ਹਨ।