ਅੰਮ੍ਰਿਤਸਰ, 17 ਅਪ੍ਰੈਲ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਅੰਦਰ ਇੱਕ ਕੰਪਨੀ ਵੱਲੋਂ ਆਈਸਕਰੀਮ ਦੇ ਡੱਬੇ ਉਤੇ ਸਿੱਖ ਕੌਮ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ।
ਦੱਸਣਯੋਗ ਹੈ ਕਿ ਸਾਹਮਣੇ ਆਈਆਂ ਖਬਰਾਂ ਅਨੁਸਾਰ ਯੂਰਪ ਦੀ ਨੂਈ ਨਾਂ ਦੀ ਇੱਕ ਕੰਪਨੀ ਵੱਲੋਂ ਬਣਾਈ ਗਈ ਆਈਸਕਰੀਮ ਦੇ ਡੱਬੇ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ। ਇਸ ਨਾਲ ਯੂਰਪ ਦੀਆਂ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਕਿ ਕੰਪਨੀ ਨੂੰ ਤਸਵੀਰ ਹਟਾਉਣ ਲਈ ਲਿਖਿਆ ਜਾਵੇਗਾ ਅਤੇ ਜੇਕਰ ਉਸ ਨੇ ਤਸਵੀਰ ਨਾ ਹਟਾਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਰਪ ਅੰਦਰ ਵੱਸਦੇ ਸਿੱਖਾਂ ਨੂੰ ਸਥਾਨਕ ਪੱਧਰ ’ਤੇ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।