ਅੰਮ੍ਰਿਤਸਰ, 17 ਅਪ੍ਰੈਲ – ਕੋਰੋਨਾਵਾਇਰਸ ਮਹਾਂਮਾਰੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਲਈ ਨਿਭਾਈਆਂ ਜਾ ਰਹੀਆਂ ਲੰਗਰ ਸੇਵਾਵਾਂ ਨੂੰ ਵੇਖਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਸਮੇਤ ਹੋਰ ਗੁਰੂ ਘਰਾਂ ਦੇ ਲੰਗਰਾਂ ਲਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੱਡੀ ਪੱਧਰ ’ਤੇ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਹੀ ਅੱਜ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ ਨੇ ਆਪਣੀ ਮਾਤਾ ਹਰਭਜਨ ਕੌਰ ਵੱਲੋਂ 31 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਨੂੰ ਸੌਂਪਿਆ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਇਮਾਰਤੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੇ ਵੀ 60 ਹਜ਼ਾਰ ਰੁਪਏ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਭੇਟ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦੇ ਸਟਾਫ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਦੇਵ ਸਿੰਘ ਚੂੰਘਾ ਰਾਹੀਂ 21 ਹਜ਼ਾਰ ਰੁਪਏ ਦਾ ਚੈੱਕ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਮੁਲਾਜ਼ਮਾਂ ਵੱਲੋਂ ਗੁਰੂ ਕੇ ਲੰਗਰਾਂ ਲਈ ਮਾਇਆ ਭੇਟਾ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਇਸ ਸੰਕਟ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਸੀ, ਪਰੰਤੂ ਇਸ ਨੂੰ ਮੁਲਾਜਮਾਂ ਦੀ ਮਰਜ਼ੀ ’ਤੇ ਛੱਡ ਦਿੱਤਾ ਗਿਆ ਸੀ। ਇਸੇ ਦੇ ਚੱਲਦਿਆਂ ਹੁਣ ਸ਼੍ਰੋਮਣੀ ਕਮੇਟੀ ਮੁਲਾਜ਼ਮ ਨਿੱਜੀ ਤੌਰ ’ਤੇ ਸੇਵਾ ਲਈ ਅੱਗੇ ਆ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਸਮੇਂ ਮਨੁੱਖਤਾ ਦੀ ਸੇਵਾ ਇੱਕ ਵੱਡਾ ਕਾਰਜ ਹੈ। ਇਸ ਵਿਚ ਸ਼ਾਮਲ ਹੋਣਾ ਹਰ ਇੱਕ ਦਾ ਫਰਜ਼ ਹੈ। ਮੁਲਾਜ਼ਮਾਂ ਦਾ ਮੰਨਣਾ ਹੈ ਕਿ ਸਭ ਦੇ ਸਹਿਯੋਗ ਨਾਲ ਹੀ ਇਸ ਮੁਸ਼ਕਿਲ ਸਮੇਂ ਚੋਂ ਨਿਕਲਿਆ ਜਾ ਸਕਦਾ ਹੈ।

ਮੁਲਾਜ਼ਮਾਂ ਵੱਲੋਂ ਰਾਸ਼ੀ ਭੇਟ ਕਰਨ ਸਮੇਂ ਸ. ਮਲਕੀਤ ਸਿੰਘ ਬਹਿੜਵਾਲ ਸੁਪ੍ਰਿੰਟੈਂਡੈਂਟ, ਸ. ਜਗਤਾਰ ਸਿੰਘ ਐਡੀਸ਼ਨਲ ਮੈਨੇਜਰ, ਸ. ਸੁਖਜਿੰਦਰ ਸਿੰਘ ਐਸਡੀਓ, ਸ. ਗੁਰਪ੍ਰੀਤ ਸਿੰਘ ਜੇਈ ਤੇ ਸ. ਰਮਨਦੀਪ ਸਿੰਘ ਮੌਜੂਦ ਸਨ।