ਅੰਮ੍ਰਿਤਸਰ 29 ਅਕਤੂਬਰ (           ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਖੇ ਬ੍ਰਿਸਬੇਨ ਸਿਟੀ ਕੌਂਸਲ (ਸ਼ੇਰਵੁੱਡ) ਡਿਪੂ ਦੀ ਬੱਸ ਦੇ ਪੰਜਾਬੀ ਡਰਾਈਵਰ ਮਨਮੀਤ ਨੂੰ ਅੱਗ ਲਗਾ ਕੇ ਸਾੜ ਦੇਣ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਦੋਸ਼ੀ ਵਿਅਕਤੀ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਘਰ ਬਾਰ ਛੱਡ ਕੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਵਿਦੇਸ਼ੀ ਧਰਤੀ ‘ਤੇ ਜਾਣ ਵਾਲੇ ਪੰਜਾਬੀ ਨੌਜਵਾਨ ਦਿਨ ਰਾਤ ਅਣਥਕ ਮਿਹਨਤ ਕਰਕੇ ਗੁਜ਼ਾਰਾ ਕਰਦੇ ਹਨ ਜਿਨ੍ਹਾਂ ਨਾਲ ਨਸਲੀ ਘਟਨਾਵਾਂ ਵਾਪਰਨੀਆਂ ਦੁੱਖਦਾਈ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਜਿਸ ਵੀ ਦੇਸ਼ ਜਾਂਦੇ ਹਨ ਉਹ ਨਾ ਸਿਰਫ ਉਥੋਂ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਦੇ ਹਨ ਬਲਕਿ ਸਬੰਧਤ ਦੇਸ਼ ਦੀ ਤਰੱਕੀ ਲਈ ਹਰ ਹੀਲਾ ਵਰਤਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਨਫਰਤੀ ਘਟਨਾਵਾਂ ਵਿੱਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਬਿਲਗ ਟਰਨਬੁੱਲ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਨੌਜਵਾਨ ਨੂੰ ਸਾੜਣ ਵਾਲੇ ਦੋਸ਼ੀ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨ ਕਾਰਵਾਈ ਕਰਨ ਤੇ ਆਸਟ੍ਰੇਲੀਆ ਵਿੱਚ ਵੱਸ ਰਹੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਆਂ ਲਈ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤਾਂ ਜੋ ਅਜਿਹੀ ਹਿਰਦੇ ਵੇਦਕ ਘਟਨਾ ਮੁੜ ਨਾ ਹੋਵੇ।