ਅੰਮ੍ਰਿਤਸਰ 29 ਅਕਤੂਬਰ (           ) – ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਲਈ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਪ੍ਰਵਾਨਗੀ ਪੱਤਰ ਪ੍ਰਾਪਤ ਹੋ ਗਿਆ ਹੈ।ਸ਼੍ਰੋਮਣੀ ਕਮੇਟੀ ਦਾ ਇਜਲਾਸ ੫ ਨਵੰਬਰ ਨੂੰ ਬੁਲਾ ਲਿਆ ਗਿਆ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਸਾਨੂੰ ਇਜਲਾਸ ਸੱਦਣ ਲਈ ਪ੍ਰਵਾਨਗੀ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮਿਲ ਗਿਆ ਹੈ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਪੱਤਰ ਨੰਬਰ ਚੋਣ ੨੦੧੧/ਗੁਰਦੁਆਰਾ:/੧੪੭੬ ਮਿਤੀ ੨੭-੧੦-੨੦੧੬ ਰਾਹੀ ਪੁੱਜੇ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਐਸ ਓ ੩੩੨੫ (ਈ) ਮਿਤੀ ੨੬ ਅਕਤੂਬਰ ੨੦੧੬ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਜਨਰਲ ਸਮਾਗਮ ੫ ਨਵੰਬਰ ੨੦੧੬ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ ੧੨.੧੫ ਵਜੇ ਸ਼੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਨੂੰ ਦਫਤਰ ਵੱਲੋਂ ਉਨ੍ਹਾਂ ਦੇ ਨਿੱਜੀ ਪੱਤਿਆ ‘ਤੇ ਪੱਤਰਕਾਵਾਂ ਸਪੀਡ ਪੋਸਟ ਤੇ ਰਜਿਸਟਰ ਡਾਕ ਰਾਹੀਂ ਭੇਜ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਮੈਂਬਰ ਸਾਹਿਬਾਨਾਂ ਨੂੰ ਦਸਤੀ ਪੱਤਰਕਾਵਾਂ ਪਹੁੰਚਾਉਣ ਹਿਤ ਸਬੰਧਤ ਖੇਤਰਾਂ ਦੇ ਮੈਨੇਜਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ੧੧ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ।