ਧਾਰਮਿਕ ਪ੍ਰੀਖਿਆ ਦਾ ਮੰਤਵ ਨੌਜੁਆਨੀ ਨੂੰ ਸਿੱਖ ਰਹਿਣੀ ਵਿਚ ਪ੍ਰਪੱਕ ਕਰਨਾ- ਐਡਵੋਕੇਟ ਧਾਮੀ
ਅੰਮ੍ਰਿਤਸਰ, 28 ਫਰਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਰਵਰੀ 2021 ਵਿਚ ਲਈ ਗਈ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਵਜ਼ੀਫੇ ਪ੍ਰਾਪਤ ਕਰਨ ਵਾਲੇ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਪੰਜ ਸਕੂਲ/ ਕਾਲਜਾਂ ਦੇ 87 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਜ਼ੀਫੇ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੱਚੇ ਅਤੇ ਨੌਜੁਆਨ ਕੌਮ ਦਾ ਭਵਿੱਖ ਹਨ ਅਤੇ ਇਨ੍ਹਾਂ ਦਾ ਧਰਮ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖ-ਸੱਭਿਆਚਾਰ ਤੋਂ ਜਾਣੂ ਹੋਣਗੇ ਤਾਂ ਨਿਰਸੰਦੇਹ ਕੌਮ ਦੀ ਚੜ੍ਹਦੀ ਕਲਾ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸੇ ਮਕਸਦ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿਚ ਸਕੂਲਾਂ, ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਫਰਵਰੀ 2021 ਵਿਚ ਲਈ ਗਈ ਧਾਰਮਿਕ ਪ੍ਰੀਖਿਆ ਵਿਚੋਂ ਦਰਜਾ ਪਹਿਲਾ ਵਿਚ 149, ਦਰਜਾ ਦੂਜਾ ਵਿਚ 799, ਦਰਜਾ ਤੀਜਾ ਵਿਚ 129 ਅਤੇ ਦਰਜਾ ਚੌਥਾ ਵਿਚ 16 ਵਿਦਿਆਰਥੀਆਂ ਨੇ ਵਜੀਫਾ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੂੰ ਦਰਜੇ ਵਾਇਜ 1100, 2100, 3100 ਅਤੇ 4100 ਰੁਪਏ ਵਜ਼ੀਫਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 60% ਤੋਂ 69.9% ਅੰਕ ਪ੍ਰਾਪਤ ਕਰਨ ਵਾਲੇ 1351 ਵਿਦਿਆਰਥੀਆਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਪੰਜ ਸਕੂਲ/ਕਾਲਜਾਂ ਦੇ 87 ਵਿਦਿਆਰਥੀਆਂ ਨੂੰ ਵਜ਼ੀਫੇ ਦੇ ਚੈੱਕ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਵਿੱਖ ਦੀਆਂ ਪੀੜ੍ਹੀਆਂ ਦਾ ਸਿੱਖ ਰਹਿਣੀ ਵਿਚ ਪ੍ਰਪੱਕ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸ਼੍ਰੋਮਣੀ ਕਮੇਟੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਧਾਰਮਿਕ ਪ੍ਰੀਖਿਆ ਰਾਹੀਂ ਸਿੱਖੀ ਸਿਧਾਂਤਾਂ ਅਤੇ ਇਤਿਹਾਸ ਨਾਲ ਜੋੜ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਧਾਰਮਿਕ ਪ੍ਰੀਖਿਆ ਦੌਰਾਨ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੇ ਅਤੇ ਵਜ਼ੀਫ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਇਸੇ ਤਰ੍ਹਾਂ ਸਿੱਖ ਧਰਮ ਦੀ ਜਾਣਕਾਰੀ ਹਾਸਲ ਕਰਨ ਲਈ ਰੁਚਿਤ ਰਹਿਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਧਾਰਮਿਕ ਪ੍ਰੀਖਿਆ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਮੀਤ ਸਿੰਘ ਬੁੱਟਰ, ਸ. ਮੁਖਤਾਰ ਸਿੰਘ, ਧਾਰਮਿਕ ਪ੍ਰੀਖਿਆ ਦੇ ਇੰਚਾਰਜ ਪ੍ਰੋਫੈਸਰ ਸੁਖਦੇਵ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪਲਵਿੰਦਰ ਸਿੰਘ ਆਦਿ ਮੌਜੂਦ ਸਨ।