ਅੰਮ੍ਰਿਤਸਰ 13 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਤੇ ਉਥੋਂ ਦੀ ਆਰਮੀ ਦੇ ਵੱਡੇ ਅਫਸਰ ਵੱਲੋਂ ਕੀਤੀ ਨਸਲੀ ਟਿੱਪਣੀ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਲੋਕਤੰਤਰੀ ਢੰਗ ਨਾਲ ਚੁਣੇ ਗਏ ਸ. ਹਰਜੀਤ ਸਿੰਘ ਸੱਜਣ ਨੂੰ ਉਥੋਂ ਦੀ ਸਰਕਾਰ ਵਿੱਚ ਰੱਖਿਆ ਵਿਭਾਗ ਦਾ ਅਹਿਮ ਜ਼ਿੰਮੇਵਾਰੀ ਵਾਲਾ ਅਹੁਦਾ ਸੌਂਪਿਆ ਗਿਆ ਹੈ।ਜੇਕਰ ਰੱਖਿਆ ਮੰਤਰੀ ਤੇ ਹੀ ਉਥੋਂ ਦੀ ਫੌਜ ਦੇ ਕਿਸੇ ਵੱਡੇ ਅਫਸਰ ਵੱਲੋਂ ਨਸਲੀ ਟਿੱਪਣੀ ਕੀਤੀ ਜਾ ਸਕਦੀ ਹੈ ਤਾਂ ਫਿਰ ਇਸ ਤੋਂ ਮੰਦਭਾਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਖਵਾਲੇ ਹੀ ਜੇਕਰ ਆਪਣੇ ਰੱਖਿਆ ਮੰਤਰੀ ਤੇ ਨਸਲੀ ਟਿੱਪਣੀ ਕਰ ਸਕਦੇ ਹਨ ਤਾਂ ਫਿਰ ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਜਨਤਾ ਦਾ ਕੀ ਹਾਲ ਹੋਵੇਗਾ।ਉਨ੍ਹਾਂ ਕਿਹਾ ਕਿ ਸ. ਹਰਜੀਤ ਸਿੰਘ ਸੱਜਣ ਖੁਦ ਵੀ ਪਹਿਲਾ ਕਨੇਡੀਅਨ ਆਰਮੀ ਵਿੱਚ ਰਹੇ ਹਨ ਤੇ ਉਨ੍ਹਾਂ ਦੀ ਕਾਬਲੀਅਤ ਸਦਕਾ ਹੀ ਉਥੋਂ ਦੀ ਸੂਝਵਾਨ ਜਨਤਾ ਨੇ ਚੁਣਿਆ ਹੈ ਫਿਰ ਸਰਕਾਰ ਵਿੱਚ ਉਨ੍ਹਾਂ ਨੂੰ ਰੱਖਿਆ ਵਿਭਾਗ ਸੌਂਪਿਆ ਗਿਆ ਹੈ, ਪਰ ਇਕ ਫੌਜੀ ਅਫਸਰ ਦੀ ਏਨੀ ਹਿੰਮਤ ਕਿ ਉਹ ਆਪਣੇ ਹੀ ਮੰਤਰੀ ਵਿਰੋਧ ਨਸਲੀ ਟਿੱਪਣੀ ਕਰੇ ਉਸ ਅਫਸਰ ਲਈ ਕਨੇਡੀਅਨ ਫੌਜ ਵਿੱਚ ਥਾਂ ਨਹੀਂ ਹੋਣੀ ਚਾਹੀਦੀ ਤੇ ਉਸ ਅਫਸਰ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਅਜਿਹੀ ਹਿੰਮਤ ਨਾ ਕਰੇ।