ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਆਪਣੇ ਫਰਜ਼ ਦੀ ਪੂਰਤੀ ਕੀਤੀ
ਅੰਮ੍ਰਿਤਸਰ: 12 ਨਵੰਬਰ (        )- ਜੇਕਰ ਪ੍ਰਸ਼ਾਸਨ ਬੰਦੀ ਛੋੜ ਦਿਵਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਗਤਾਂ ਨੂੰ ਸੰਦੇਸ਼ ਦੇਣ ਸਮੇਂ ਮੁਸ਼ਤੈਦੀ ਨਾਲ ਡਿਊਟੀ ਨਿਭਾਉਂਦਾ ਤਾਂ ਇਸ ਖਲਲ ਤੋਂ ਬਚਿਆ ਜਾ ਸਕਦਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਜਿੱਥੇ ੨੪ ਘੰਟੇ ਗੁਰਬਾਣੀ ਦਾ ਮਨੋਹਰ ਕੀਰਤਨ ਸੰਗਤਾਂ ਲਈ ਰੂਹਾਨੀ ਵਿਸਮਾਦ ਪੈਦਾ ਕਰਦਾ ਹੈ ਓਥੇ ਧਿਆਨ ਸਿੰਘ ਮੰਡ ਤੇ ਉਸ ਦੇ ਨਾਲ ਆਈ ਮੰਡੀਰ ਵੱਲੋਂ ਸਿੱਖ ਕੌਮ ਦੀਆਂ ਸਤਿਕਾਰਤ ਸਖਸ਼ੀਅਤਾਂ ਪ੍ਰਤੀ ਅਪਮਾਨਜਨਕ (ਭੱਦੀ) ਸ਼ਬਦਾਵਲੀ ਦੀ ਵਰਤੋਂ ਕਰਨ ਦੇ ਨਾਲ-ਨਾਲ ਨਾਹਰੇਬਾਜੀ ਕੀਤੀ ਗਈ। ਜਿਸ ਨਾਲ ਸੰਗਤਾਂ ਦੇ ਮਨਾ ਵਿੱਚ ਭਾਰੀ ਡਰ ਅਤੇ ਸਹਿਮ ਪੈਦਾ ਹੋ ਗਿਆ, ਜੋ ਬਿਲਕੁਲ ਬਰਦਾਸ਼ਤ ਤੋਂ ਬਾਹਰ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸੇ ਵੱਡੇ ਪਦ ਦਾ ਅਹੁਦੇਦਾਰ ਮਹਿਸੂਸ ਕਰਨ ਵਾਲੇ ਵੱਲੋਂ ਅਜਿਹਾ ਕਰਨਾ ਤੇ ਕਰਵਾਉਣਾ ਜਿੱਥੇ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਾਜ ਵਿੱਚ ਦਖਲ ਹੈ ਓਥੇ ਇਸ ਮਹਾਨ ਸੰਸਥਾ ਦੇ ਅਕਸ ਨੂੰ ਪੂਰੀ ਤਰ੍ਹਾਂ ਢਾਹ ਲਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਕੌਮ ਵਿੱਚ ਵੰਡੀਆਂ ਪਾ ਕੇ ਵਖਰੇਵੇਂ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਕਰਮਚਾਰੀਆਂ ਤੇ ਸੁਰੱਖਿਆ ਦਸਤੇ ਨੇ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਇਸ ਘਟਨਾ ਲਈ ਜੁੰਮੇਵਾਰ ਹੈ, ਜੋ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਅ ਸਕਿਆ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਦਰਸ਼ਨੀ ਡਿਓੜੀ ਤੇ ਚੜ੍ਹ ਕੇ ਤੋਸ਼ੇ ਖਾਨੇ ਵਾਲੇ ਕਮਰੇ ਦੀ ਬਾਰੀ ਨੂੰ ਲੱਤਾਂ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਉਸ ਨੂੰ ਵੀ ਕਾਬੂ ਕਰ ਲਿਆ ਗਿਆ। ਪਰ ਅਜਿਹੇ ਹਾਲਾਤ ਪੈਦਾ ਕਰਨ ਲਈ ਸਾਜਿਸ਼ਾਂ ਰਚਣ ਵਾਲੇ ਅਜਿਹੇ ਇਕੱਠ ਵਿੱਚ ਜਾਣ ਬੁਝ ਕੇ ਲਿਆਂਦੇ ਜਾਂਦੇ ਹਨ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਵੀ ਭਾਈ ਮੰਡ ਦਾ ਸਾਥੀ ਸੀ।