ਅੰਮ੍ਰਿਤਸਰ, ੨੮ ਫ਼ਰਵਰੀ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬੀਤੇ ਕੱਲ੍ਹ ਗਵਾਲੀਅਰ ਦੇ ਕਿਲ੍ਹੇ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ ਤੇ ਸ. ਦਰਸ਼ਨ ਸਿੰਘ ਪੀ.ਏ. ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਨੇ ਕਾਰਸੇਵਾ ਖਡੂਰ ਸਾਹਿਬ ਵਾਲੇ ਬਾਬਾ ਗੁਰਪ੍ਰੀਤ ਸਿੰਘ ਅਤੇ ਸਥਾਨਕ ਸਿੱਖ ਆਗੂਆਂ ਨਾਲ ਮੁਲਾਕਾਤ ਕਰਕੇ ਪੰਥਕ ਵਿਚਾਰਾਂ ਕੀਤੀਆਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਨੇ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਸੰਗਤਾਂ ਨੂੰ ਅਗਲੇ ਸਮਿਆਂ ਦੌਰਾਨ ਆ ਰਹੀਆਂ ਸ਼ਤਾਬਦੀਆਂ ਸਬੰਧੀ ਪ੍ਰੇਰਿਤ ਕੀਤਾ। ਵੱਡੀ ਗਿਣਤੀ ਵਿਚ ਸੰਗਤਾਂ ਨੇ ਜਿਥੇ ਭਾਈ ਲੌਂਗੋਵਾਲ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ, ਉਥੇ ਹੀ ਗਵਾਲੀਅਰ ਦੇ ਇਲਾਕੇ ਅੰਦਰ ਸਿੱਖੀ ਪ੍ਰਚਾਰ ਲਈ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਜਸਟਿਸ ਐਸ.ਐਸ. ਆਹਲੂਵਾਲੀਆ ਨੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਭਾਈ ਲੌਂਗੋਵਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀਆਂ ਸੰਗਤਾਂ ਅੰਦਰ ਆਉਣ ਵਾਲੀਆਂ ਸ਼ਤਾਬਦੀਆਂ ਪ੍ਰਤੀ ਵੱਡਾ ਉਤਸ਼ਾਹ ਹੈ। ਸ਼ਤਾਬਦੀਆਂ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਂਵਾਂ ‘ਤੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਤਹਿਤ ਮੱਧ ਪ੍ਰਦੇਸ਼ ਵਿਖੇ ਵੀ ਵਿਸ਼ੇਸ਼ ਤੌਰ ‘ਤੇ ਸਮਾਗਮ ਕਰਵਾਏ ਜਾਣਗੇ। ਗਵਾਲੀਅਰ ਕਿਲ੍ਹੇ ‘ਚ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਪ੍ਰੀਤ ਸਿੰਘ ਤੇ ਜਸਟਿਸ ਐਸ.ਐਸ.ਆਹਲੂਵਾਲੀਆ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ. ਜਗਸੀਰ ਸਿੰਘ ਮਾਂਗੇਆਣਾ ਤੇ ਸ. ਦਰਸ਼ਨ ਸਿੰਘ ਪੀ.ਏ. ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।