ਅੰਮ੍ਰਿਤਸਰ, ੨੮ ਫ਼ਰਵਰੀ- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਮੁੜਨ ਵਾਲੀ ਸੰਗਤ ਨੂੰ ਪੰਜਾਬ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਇੱਕ ਮੰਦਭਾਗਾ ਰੁਝਾਨ ਹੈ ਜਿਸ ਨੇ ਸੰਗਤਾਂ ਅੰਦਰ ਡਰ ਪੈਦਾ ਕਰ ਦਿੱਤਾ ਹੈ। ਜੇਕਰ ਇਸ ‘ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਇਸ ਦਾ ਲਾਂਘੇ ‘ਤੇ ਅਸਰ ਪਵੇਗਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਅਜੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਹੈ। ਪੰਜਾਬ ਸਰਕਾਰ ਦੀ ਇਹ ਹਰਕਤ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਸ਼ੱਕੀ ਬਣਾਉਣ ਵਾਲੀ ਹੈ। ਉਹ ਆਪਣੇ ਹੀ ਸੂਬੇ ਵਿਚ ਬੇਗਾਨਾ ਮਹਿਸੂਸ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੌਣੀ ਸਦੀ ਦੀਆਂ ਅਰਦਾਸਾਂ ਨਾਲ ਗੁਰ ਅਸਥਾਨ ਦਾ ਇਹ ਲਾਂਘਾ ਖੁਲ੍ਹਿਆ ਹੈ ਅਤੇ ਸੰਗਤਾਂ ਨੂੰ ਪਾਵਨ ਅਸਥਾਨ ਦੇ ਦਰਸ਼ਨ ਨਸੀਬ ਹੋਏ ਹਨ ਪਰ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਾਰਵਾਈ ਨੇ ਪੰਜਾਬ ਸਰਕਾਰ ਦੀ ਲਾਂਘੇ ਪ੍ਰਤੀ ਮਨਸ਼ਾ ਇੱਕ ਵਾਰ ਫਿਰ ਸਾਫ ਕਰ ਦਿੱਤੀ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਪੰਜਾਬ ਸਰਕਾਰ ਲਾਂਘਾ ਬੰਦ ਕਰਵਾਉਣਾ ਚਾਹੁੰਦੀ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ‘ਤੇ ਸ਼ੱਕ ਕਰਨਾ ਜਾਇਜ਼ ਨਹੀਂ। ਕਿਉਂਕਿ ਹਰ ਸ਼ਰਧਾਲੂ ਦੇ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਉਸ ਦੀ ਪੁਲਿਸ ਰਿਪੋਰਟ ਲਈ ਜਾਂਦੀ ਹੈ। ਜੇਕਰ ਪੁਲਿਸ ਨੂੰ ਆਪਣੀ ਹੀ ਜਾਂਚ ਰਿਪੋਰਟ ‘ਤੇ ਯਕੀਨ ਨਹੀਂ ਹੈ ਤਾਂ ਜਾਣ ਤੋਂ ਪਹਿਲੀ ਜਾਂਚ ਪੜਤਾਲ ਕਿਸ ਕੰਮ ਦੀ ਹੈ। ਭਾਈ ਲੌਂਗੋਵਾਲ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿੱਤ-ਦਿਨ ਅਜਿਹੇ ਹੱਥਕੰਡੇ ਅਪਣਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਪੰਜਾਬ ਵਿਚ ਤਲਖੀ ਵਾਲਾ ਮਾਹੌਲ ਬਣਦਾ ਹੋਏ।