ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ੨੫ ਮਈ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ‘ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਪ੍ਰਸਾਸ਼ਨ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਹੈ ਕਿ ਸਿੱਖ ਗੁਰਦੁਆਰਾ ਐਕਟ ੧੯੨੫ ਅਨੁਸਾਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ, ਲੇਕਿਨ ਪਿਛਲੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਕੁਝ ਲੋਕ ਅਖੌਤੀ ਕਮੇਟੀਆਂ ਬਣਾ ਕੇ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ‘ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁੱਖ ਮੰਤਰੀ ਦਾ ਧਿਆਨ ਗੁਰਦੁਆਰਾ ਸਾਹਿਬ ਭਾਈ ਰੂਪਾ (ਬਠਿੰਡਾ), ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਮੋੜ ਕਲਾਂ (ਬਠਿੰਡਾ), ਗੁਰਦੁਆਰਾ ਤੰਬੂ ਮੱਲ ਸਾਹਿਬ, ਮੋਗਾ ਅਤੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਤ੍ਰਿਪਤਸਰ, ਜਲਾਲ (ਬਠਿੰਡਾ) ਵੱਲ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਪ੍ਰਬੰਧ ਗੁਰਦੁਆਰਾ ਸਾਹਿਬਾਨ ਨੂੰ ਦਿਵਾਉਣ ਲਈ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਭਾਈ ਰੂਪਾ ਬਠਿੰਡਾ ਦੀ ੧੬੧ ਏਕੜ ਜ਼ਮੀਨ ਉਪਰ ਸਥਾਨਕ ਲੋਕ ਲੰਗਰ ਕਮੇਟੀ ਦੇ ਨਾਮ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਰਹੇ ਹਨ, ਜਦਕਿ ਇਸ ਮਾਮਲੇ ਵਿਚ ਮਾਨਯੋਗ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਦੀ ਢਿੱਲ ਕਾਰਨ ਗੁਰੂ ਘਰ ਨੂੰ ਜ਼ਮੀਨ ਪ੍ਰਾਪਤ ਨਹੀਂ ਹੋ ਸਕੀ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਮੋੜ ਕਲਾਂ ਬਠਿੰਡਾ ਦੀ ੧੩੦ ਏਕੜ ਜ਼ਮੀਨ ਵੀ ਕਬਜ਼ਾਧਾਰੀਆਂ ਨੇ ਦੱਬੀ ਹੋਈ ਹੈ। ਮੁੱਖ ਮੰਤਰੀ ਨੂੰ ਪ੍ਰੋ. ਬਡੂੰਗਰ ਨੇ ਗੈਰ ਸੰਵਿਧਾਨਕ ਤੌਰ ‘ਤੇ ਕਮੇਟੀਆਂ ਗਠਿਤ ਕਰਕੇ ਗੁਰਦੁਆਰਾ ਸਾਹਿਬਾਨ ‘ਤੇ ਕਬਜ਼ਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕਰਵਾਈ ਕਰਨ ਲਈ ਵੀ ਲਿਖਿਆ ਹੈ। ਇਸ ਸਬੰਧੀ ਉਨ੍ਹਾਂ ਗੁਰਦੁਆਰਾ ਤੰਬੂ ਮੱਲ ਸਾਹਿਬ, ਮੋਗਾ ਦਾ ਹਵਾਲਾ ਦਿੱਤਾ ਹੈ, ਜਿਸ ਦੀ ਸ਼ੈਕਸਨ ੮੭ ਅਧੀਨ ਪ੍ਰਵਾਨਤ ਲੋਕਲ ਕਮੇਟੀ ਨੂੰ ਮਾਨਤਾ ਨਾ ਦੇ ਕੇ ਗ਼ੈਰ-ਸੰਵਿਧਾਨਕ ਤੌਰ ‘ਤੇ ਗਠਿਤ ਕਮੇਟੀ ਰਾਹੀਂ ਪ੍ਰਬੰਧ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗੁਰੂ ਗੰ੍ਰਥ ਸਾਹਿਬ, ਤ੍ਰਿਪਤਸਰ ਬਠਿੰਡਾ ਦੀ ਸਾਢੇ ੧੨ ਏਕੜ ਜ਼ਮੀਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ‘ਤੇ ਵੀ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਗੁਰਦੁਆਰਾ ਸਾਹਿਬਾਨ ਦੀ ਮਾਣ ਮਰਿਯਾਦਾ ਅਤੇ ਸਤਿਕਾਰ ਨੂੰ ਢਾਹ ਲਗਾਉਣ ਵਾਲੀਆਂ ਹਨ, ਜਿਸ ਨਾਲ ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਨਾਲ ਸੂਬੇ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਵੀ ਵਿਗੜ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੁਰੰਤ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।