ਪ੍ਰੋ. ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਾਰਵਾਈ ਲਈ ਕਿਹਾ

ਅੰਮ੍ਰਿਤਸਰ, 25 ਮਈ- ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿਚ ਤਰਜ਼ਮਾ ਕਰਕੇ ਇਸ ਦੇ ਅਸਲ ਸਰੂਪ ਨੂੰ ਵਿਗਾੜਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਕਾਰਵਾਈ ਕਰਨ ਲਈ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਮਸਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ਦੀਆਂ ਛਾਪੀਆਂ ਜਾ ਚੁੱਕੀਆਂ ਵੀਹ ਹਜ਼ਾਰ ਕਾਪੀਆਂ ਨੂੰ ਜਬਤ ਕਰਨ ਦੀ ਮੁੱਖ ਮਤਰੀ ਪਾਸੋਂ ਮੰਗ ਕੀਤੀ ਹੈ। ਉਨ੍ਹਾਂ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਮਹਾਨ ਕੋਸ਼ ਪਟਿਆਲਾ ਰਿਆਸਤ ਦੇ ਤਤਕਾਲੀ ਮਹਾਰਾਜਾ ਭੁਪਿੰਦਰ ਸਿੰਘ ਜੋ aਨ੍ਹਾਂ (ਕੈਪਟਨ) ਦੇ ਦਾਦਾ ਸਨ ਵੱਲੋਂ ਸਾਰਾ ਖਰਚ ਕਰ ਕੇ ਤਿਆਰ ਕਰਵਾਇਆ ਗਿਆ ਸੀ, ਜਿਸ ਨੂੰ ਕਈ ਸਾਲ ਲੱਗੇ ਸਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਵੱਲੋਂ ਮਹਾਨ ਕੋਸ਼ ਨਾਲ ਕੀਤੀ ਗਈ ਛੇੜ-ਛਾੜ ਗੈਰ-ਜਿੰਮੇਵਾਰਾਨਾ ਹੈ, ਇਸ ਲਈ ਮਾਮਲੇ ਪੰਜਾਬ ਸਰਕਾਰ ਗੰਭੀਰਤਾ ਨਾਲ ਲਵੇ। ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਸਿੱਖ ਕੌਮ ਦੀ ਮਹਾਨ ਵਿਰਾਸਤ ਅਤੇ ਅਹਿਮ ਦਸਤਾਵੇਜ਼ ਹੈ ਜਿਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਵਿਦਵਾਨਾਂ ਅਤੇ ਖੋਜਕਾਰਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਇਸੇ ਮਸਲੇ ਸੰਬਧੀ ਭਾਈ ਕਾਹਨ ਸਿੰਘ ਨਾਭਾ ਦੇ ਪੋਤੇ ਮੇਜਰ ਆਦਰਸ਼ਪਾਲ ਸਿੰਘ ਵੱਲੋਂ ਪਹਿਲਾਂ ਹੀ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਹੋਇਆ ਹੈ ਅਤੇ ਜੇਕਰ ਲੋੜ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਇਸ ਪ੍ਰਤੀ ਕਾਨੂੰਨੀ ਚਾਰਾਜੋਈ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਸਿੱਖਾਂ ਅਤੇ ਜਾਂ ਭਾਰਤੀਆਂ ਦੀ ਹੀ ਬੌਧਿਕ ਵਿਰਾਸਤ ਨਹੀਂ ਹੈ ਸਗੋਂ ਸਮੁੱਚੇ ਵਿਸ਼ਵ ਵਿਚ ਵੱਸਣ ਵਾਲੇ ਬੁੱਧੀਜੀਵੀਆਂ ਤੇ ਖੋਜਾਰਥੀਆਂ ਦੀ ਅਣਮੋਲ ਵਿਰਾਸਤ ਵੀ ਹੈ। ਉਨ੍ਹਾਂ ਕਿਹਾ ਕਿ ਕਰੜੀ ਘਾਲਣਾ ਤੋਂ ਬਾਅਦ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਸਿਰਜਣਾ ਕੀਤੀ ਹੈ ਅਤੇ ਖੋਜਕਾਰ ਆਪਣੀ ਲਿਖਤਾਂ ਲਈ ਠੋਸ ਗਵਾਹੀ ਦੇ ਰੂਪ ਵਿਚ ਇਸ ਹਵਾਲੇ ਵਰਤਦੇ ਹਨ। ਇਸ ਲਈ ਇਸ ਦੀ ਮੌਲਿਕਤਾ ਬਰਕਰਾਰ ਰਹਿਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਪ੍ਰੋ. ਪ੍ਰਭਜੋਤ ਕੌਰ ਚੰਡੀਗੜ੍ਹ, ਡਾ. ਚਮਕੌਰ ਸਿੰਘ ਸਿੱਖ ਸਕਾਲਰ, ਸ. ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ ਇਸ ਨੂੰ ਕੋਆਰਡੀਨੇਟ ਕਰਨਗੇ।