ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫ਼ਤਹਿ ਦਾ ਇਤਿਹਾਸ ਲਾਸਾਨੀ ਤੇ ਪ੍ਰੇਰਣਾਮਈ–ਭਾਈ ਲੌਂਗੋਵਾਲ

ਚੱਪੜਚਿੜੀ (ਮੁਹਾਲੀ), ੧੨ ਮਈ- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੱਪੜਚਿੜੀ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਫ਼ਤਹਿ ਮਾਰਚ ਆਯੋਜਿਤ ਕੀਤਾ ਗਿਆ। ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਫ਼ਤਹਿ ਮਾਰਚ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗੱਤਕਾ ਪਾਰਟੀਆਂ ਨੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ। ਨਿਹੰਗ ਸਿੰਘਾਂ ਵੱਲੋਂ ਘੋੜਿਆਂ ਤੇ ਹਾਥੀਆਂ ਨਾਲ ਫਤਹਿ ਮਾਰਚ ਵਿਚ ਬੰਨ੍ਹਿਆ ਖਾਲਸਾਈ ਰੰਗ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ।
ਫਤਹਿ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਜੇ ਧਾਰਮਿਕ ਦੀਵਾਨ ਵਿਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਰਲੋਕ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ, ਜਦਕਿ ਭਾਈ ਮਲਕੀਤ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਬਾਬਾ ਬੰਦਾ ਸਿੰਘ ਵੱਲੋਂ ਕੀਤੀ ਸਰਹਿੰਦ ਫਤਹਿ ਦਾ ਸ਼ਾਨਾਂਮੱਤੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫ਼ਤਹਿ ਦਾ ਇਤਿਹਾਸ ਲਾਸਾਨੀ ਤੇ ਪ੍ਰੇਰਣਾਮਈ ਹੈ। ਉਨ੍ਹਾਂ ਅਖਿਆ ਕਿ ਜਾਲਿਮ ਮੁਗਲ ਹਕੂਮਤ ਨੂੰ ਤਬਾਹ ਕਰ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਕਿਰਤੀਆਂ ਨੂੰ ਉਨ੍ਹਾਂ ਦੇ ਹੱਕ ਦਿਵਾਏ। ਭਾਈ ਲੌਂਗੋਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਕੌਮੀ ਨਾਇਕਾਂ ਦਾ ਇਤਿਹਾਸ ਹੀ ਸਾਡੀ ਸ਼ਖਸੀਅਤ ਨੂੰ ਨਿਖਾਰ ਸਕਦਾ ਹੈ। ਉਨ੍ਹਾਂ ਨਗਰ-ਕੀਰਤਨ ਵਿਚ ਸ਼ਾਮਿਲ ਨਿਹੰਗ ਸਿੰਘ ਜਥੇਬੰਦੀਆਂ ਅਤੇ ਖਾਸਕਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਧਾਰਮਿਕ ਜਥੇਬੰਦੀਆਂ, ਰਾਜਨੀਤਕ, ਸਮਾਜਿਕ ਸਖ਼ਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਰਹਿੰਦ ਫਤਹਿ ਦਾ ਦਿਹਾੜਾ ਸਿੱਖ ਕੌਮ ਲਈ ਅਹਿਮ ਹੈ ਅਤੇ ਇਸ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਦੁਨੀਆ ਸਾਹਮਣੇ ਰੂਪਮਾਨ ਕਰਨ ਲਈ ਹਰ ਸਾਲ ਚੱਪੜਚਿੜੀ ਦੇ ਅਸਥਾਨ ਤੋਂ ਮਹਾਨ ਫਤਹਿ ਮਾਰਚ ਸਜਾਇਆ ਜਾਂਦਾ ਹੈ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ੯੬ ਕਰੋੜੀ ਨੇ ਵੀ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਥਕ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਤ ਕੀਤਾ ਅਤੇ ਸਟੇਜ ਦੀ ਸੇਵਾ ਵੀ ਨਿਭਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਨਿਰਮੈਲ ਸਿੰਘ ਜੌਲਾਂ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਸਵਿੰਦਰ ਸਿੰਘ ਸਭਰਵਾਲ, ਸ. ਪਰਮਜੀਤ ਸਿੰਘ ਲੱਖੇਵਾਲ, ਸੀਨੀਅਰ ਅਕਾਲੀ ਆਗੂ ਸ੍ਰੀ ਐਨ.ਕੇ. ਸ਼ਰਮਾ, ਸ. ਰਣਜੀਤ ਸਿੰਘ ਗਿੱਲ, ਜਥੇਦਾਰ ਭਜਨ ਸਿੰਘ ਸ਼ੇਰਗਿੱਲ, ਸ. ਸੁਰਜੀਤ ਸਿੰਘ ਗੜੀ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਸ. ਜਤਿੰਦਰਪਾਲ ਸਿੰਘ ਜੇ.ਪੀ., ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਗੱਜਣ ਸਿੰਘ, ਬਾਬਾ ਰਘਬੀਰ ਸਿੰਘ ਖਿਆਲਾ, ਸ. ਨਾਜਰ ਸਿੰਘ ਹਰੀਆਂ ਵੇਲਾਂ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਲਾਲ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ, ਬਾਬਾ ਜੱਸਾ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ,ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸ. ਕਰਮਬੀਰ ਸਿੰਘ ਕਿਆਮਪੁਰ, ਸ. ਤੇਜਿੰਦਰਪਾਲ ਸਿੰਘ ਸੰਧੂ, ਸ. ਕੁਲਵਿੰਦਰ ਸਿੰਘ ਸੋਹੀ, ਸ. ਪ੍ਰਮਿੰਦਰ ਸਿੰਘ ਸੋਹਾਨਾ, ਸ. ਬਲਵਿੰਦਰ ਸਿੰਘ ਟੌਹੜਾ, ਸ. ਗੁਰਮੁਖ ਸਿੰਘ ਸੋਹਲ, ਬੀਬੀ ਹਰਮਿੰਦਰ ਕੌਰ, ਬੀਬੀ ਕੁਲਦੀਪ ਕੌਰ, ਭਾਈ ਗੁਰਧਿਆਨ ਸਿੰਘ, ਸ. ਅਰਜਨ ਸਿੰਘ ਸ਼ੇਰਗਿੱਲ, ਸ. ਹਰਦੀਪ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ: ਨੱਥਾ ਸਿੰਘ, ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਸ. ਅਮਰਜੀਤ ਸਿੰਘ, ਸ. ਗੁਰਦੀਪ ਸਿੰਘ ਕੰਗ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।