ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫ਼ਤਹਿ ਨੇ ਖਾਲਸਾ ਰਾਜ ਦਾ ਮੁੱਢ ਬੰਨ੍ਹਿਆ- ਪ੍ਰੋ. ਕਿਰਪਾਲ ਸਿੰਘ ਬਡੂੰਗਰ

ਮੁਹਾਲੀ 12 ਮਈ- ਦਸਮ ਪਿਤਾ, ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੱਪੜਚਿੜੀ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਫ਼ਤਹਿ ਮਾਰਚ ਆਯੋਜਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬੀਬੀ ਰਾਜਵੰਤ ਕੌਰ ਦੇ ਢਾਡੀ ਜਥੇ ਨੇ ਬਾਬਾ ਬੰਦਾ ਸਿੰਘ ਵੱਲੋਂ ਕੀਤੀ ਸਰਹਿੰਦ ਫਤਹਿ ਦਾ ਸ਼ਾਨਾਂਮੱਤੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ। ਆਰੰਭਤਾ ਦੀ ਅਰਦਾਸ ਭਾਈ ਹਰਪਾਲ ਸਿੰਘ ਹੈੱਡ ਗੰ੍ਰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਫ਼ਤਹਿ ਮਾਰਚ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗੱਤਕਾ ਪਾਰਟੀਆਂ ਨੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ।

ਆਰੰਭਤਾ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਬਾਸ਼ਿੰਦਿਆਂ ਨੂੰ ਲੰਮੀ ਗੁਲਾਮੀ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ ਆਵਾਜ਼  ਬੁਲੰਦ ਆਵਾਜ਼ ਕੀਤੀ ਅਤੇ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਨੁੱਖੀ ਆਜ਼ਾਦੀ ਲਈ ਮਹੱਤਵਪੂਰਣ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫ਼ਤਹਿ ਮਨੁੱਖੀ ਆਜ਼ਾਦੀ ਦਾ ਇੱਕ ਇਤਿਹਾਸਿਕ ਪੰਨਾ ਹੈ, ਜਿਸ ਨੇ ਖਾਲਸਾ ਰਾਜ ਦਾ ਮੁੱਢ ਬੰਨ੍ਹਿਆ। ਇਸ ਨਾਲ ਲੋਕਾਂ ਅੰਦਰ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਜ਼ਜਬਾ ਪੈਦਾ ਹੋਇਆ। ਪ੍ਰੋ. ਬਡੂੰਗਰ ਨੇ ਅਖਿਆ ਕਿ ਜਾਲਿਮ ਮੁਗਲ ਹਕੂਮਤ ਨੂੰ ਤਬਾਹ ਕਰ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਰਤੀਆਂ ਦੇ ਹੱਕ ਵਿਚ ਆਵਾਜ਼ ਬਲੰਦ ਕੀਤੀ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਕੌਮੀ ਨਾਇਕਾਂ ਦਾ ਇਤਿਹਾਸ ਹੀ ਸਾਡੀ ਸ਼ਖਸੀਅਤ ਨੂੰ ਨਿਖਾਰ ਸਕਦਾ ਹੈ। ਉਨ੍ਹਾਂ ਨਗਰ-ਕੀਰਤਨ ਵਿਚ ਸ਼ਾਮਿਲ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ੯੬ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਟਕਸਾਲਾਂ, ਰਾਜਨੀਤਕ ਤੇ ਸਮਾਜਿਕ ਸਖ਼ਸ਼ੀਅਤਾਂ ਅਤੇ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਧੰਨਵਾਦ ਵੀ ਕੀਤਾ।

ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਕਿਹਾ ਕਿ ਸਰਹਿੰਦ ਫਤਹਿ ਦਾ ਦਿਹਾੜਾ ਸਿੱਖ ਕੌਮ ਲਈ ਅਹਿਮ ਹੈ ਅਤੇ ਇਸ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਦੁਨੀਆ ਸਾਹਮਣੇ ਰੂਪਮਾਨ ਕਰਨ ਲਈ ਹਰ ਸਾਲ ਚੱਪੜਚਿੜੀ ਦੇ ਅਸਥਾਨ ਤੋਂ ਮਹਾਨ ਫਤਹਿ ਮਾਰਚ ਸਜਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਹਨ।  ਉਨ੍ਹਾਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਤ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ੯੬ਕਰੋੜੀ ਨੇ ਵੀ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਥਕ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਸ. ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ-ਨਾਲ ਸਟੇਜ ਸਕੱਤਰ ਦੀ ਸੇਵਾ ਨਿਭਾਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਰਮਜੀਤ ਸਿੰਘ ਚਾਵਲਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਐਮ.ਪੀ., ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਡਾ: ਦਲਜੀਤ ਸਿੰਘ ਚੀਮਾ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੱਲੋਂ ਬਾਬਾ ਨਾਗਰ ਸਿੰਘ, ਸ. ਤੇਜਿੰਦਰ ਸਿੰਘ ਸਿੱਧੂ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ, ਸ. ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਅਜਮੇਰ ਸਿੰਘ ਖੇੜਾ, ਸ. ਸਵਿੰਦਰ ਸਿੰਘ ਸਭਰਵਾਲ, ਸ. ਅਵਤਾਰ ਸਿੰਘ ਰਿਆ. ਸ. ਰਵਿੰਦਰ ਸਿੰਘ ਖ਼ਾਲਸਾ, ਸ. ਪਰਮਜੀਤ ਸਿੰਘ ਲੱਖੇਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਅਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸਵਰਣ ਸਿੰਘ ਚਨਾਰਥਲ, ਸ. ਰਣਜੀਤ ਸਿੰਘ ਰਾਣਾ, ਬੀਬੀ ਸਤਵੰਤ ਕੌਰ ਸੰਧੂ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਸੁੱਖਾ ਸਿੰਘ, ਬਾਬਾ ਮੇਜਰ ਸਿੰਘ ਤਰਨਾ ਦਲ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਲਾਲ ਸਿੰਘ ਤਰਨਾ ਦਲ, ਬਾਬਾ ਮਾਨ ਸਿੰਘ ਦਲ ਮੜ੍ਹੀਆਂ ਵਾਲਾ ਵੱਲੋਂ ਬਾਬਾ ਵੱਸਣ ਸਿੰਘ, ਬਾਬਾ ਜੱਸਾ ਬੁੱਢਾ ਦਲ, ਬਾਬਾ ਇੰਦਰ ਸਿੰਘ, ਬਾਬਾ ਸਤਨਾਮ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ: ਨੱਥਾ ਸਿੰਘ, ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਸ. ਭਗਵੰਤ ਸਿੰਘ, ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਦੇ ਮੈਨੇਜਰ ਸ. ਅਮਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।