ਅੰਮ੍ਰਿਤਸਰ, 12 ਮਈ – ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸੇਵਾ ਦੇ ਸਿਧਾਂਤ ‘ਤੇ ਚੱਲਦਿਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਗੁਰੂ-ਘਰ ਵਿਖੇ ਤਨ, ਮਨ ਤੇ ਧਨ ਨਾਲ ਸੇਵਾ ਕਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਪਾਤ ਕਰਦੀਆਂ ਰਹਿੰਦੀਆਂ ਹਨ। ਇਸੇ ਤਹਿਤ ਹੀ ਸਥਾਨਕ ਅਜੀਤ ਨਗਰ ਵਾਸੀ ਗੁਰੂ ਘਰ ਦੇ ਅਨਿਨ ਸ਼ਰਧਾਲੂ ਬਾਵਾ ਗੁਰਦੀਪ ਸਿੰਘ ਤੇ ਬੀਬੀ ਸੁਰਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਬੀਤੇ ਦਿਨੀਂ ਸੋਨੇ ਦੀ ਝਾਲ ਵਾਲੇ ਸੁਨਹਿਰੀ ਪੱਤਰੇ ਅਤੇ ਚੌਰ ਸਾਹਿਬ ਦੀ ਸੇਵਾ ਕਰਾਈ ਗਈ। ਸੁਨਹਿਰੀ ਪੱਤਰੇ ਉਪਰ ‘ਮੂਲ ਮੰਤਰ’ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਕਰਿਆ ਹੋਇਆ ਹੈ। ਸ਼ਰਧਾਲੂ ਪਰਿਵਾਰ ਵੱਲੋਂ ਇਹ ਸੇਵਾ ਆਪਣੇ ਬਜੁਰਗਾਂ ਬਾਵਾ ਚਾਨਣ ਸਿੰਘ ਅਤੇ ਮਾਤਾ ਹਰਬੰਸ ਕੌਰ ਦੀ ਯਾਦ ਵਿਚ ਕਰਵਾਈ ਗਈ ਹੈ।

ਇਸ ਮੌਕੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਸ਼ਰਧਾਲੂ ਬਾਵਾ ਗੁਰਦੀਪ ਸਿੰਘ ਅਤੇ ਬੀਬੀ ਸੁਰਿੰਦਰਜੀਤ ਕੌਰ ਦੇ ਪਰਿਵਾਰ ਵੱਲੋਂ ਸ਼ਰਧਾ ਨਾਲ ਸੁਨਹਿਰੀ ਪੱਤਰੇ ਦੀ ਸੇਵਾ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਵੱਲੋਂ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਦਿਆਂ ਦੋ ਸੁਨਹਿਰੀ ਪੱਤਰਿਆਂ ਦੀ ਸੇਵਾ ਕਰਵਾਈ ਗਈ ਸੀ।

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਵੱਲੋਂ ਸ਼ਰਧਾਲੂ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਸਕੱਤਰ ਸ. ਸਕੱਤਰ ਸਿੰਘ, ਸਾਬਕਾ ਸਕੱਤਰ ਸ. ਸਤਬੀਰ ਸਿੰਘ, ਮੀਤ ਮੈਨੇਜਰ ਸ. ਗੁਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।