photo sgpc diwas 15-11-15ਅੰਮ੍ਰਿਤਸਰ : 15 ਨਵੰਬਰ (        ) ਗੁਰਦੁਆਰਾ ਪ੍ਰਬੰਧ ਨੂੰ ਮਹੰਤਸ਼ਾਹੀ ਤੋਂ ਅਜਾਦ ਕਰਵਾ ਕੇ ਸੰਗਤੀ ਪ੍ਰਬੰਧ ‘ਚ ਲਿਆਉਣ ਲਈ ਮਹਾਨ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਤਾਰ ਸਿੰਘ ਰਾਜਪੁਰਾ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਧੁਰ ਕੀ ਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਗੁਰੂ ਸਾਹਿਬਾਨ ਦੇ ਦਿਹਾੜਿਆਂ ਤੋਂ ਇਲਾਵਾ ਵੱਖ-ਵੱਖ ਸ਼ਹੀਦਾਂ, ਭਗਤਾਂ ਅਤੇ ਇਤਿਹਾਸਕ ਦਿਹਾੜਿਆਂ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਜਾ ਰਿਹਾ ਹੈ ਤੇ ਇਸੇ ਕੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰ: ਬੇਦੀ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਅਤੇ ਮਾਣਮਤੀ ਸੰਸਥਾ ਹੈ। ਲਗਭਗ ਇਕ ਸਦੀ ਦੇ ਆਪਣੇ ਇਤਿਹਾਸ ਵਿਚ ਕਈ ਉਤਰਾ-ਚੜਾਅ ਦੇਖਦਿਆਂ ਇਸ ਨੇ ਆਪਣੇ ਕਾਰਜਾਂ ਦੁਆਰਾ ਆਪਣੀ ਸ਼੍ਰੋਮਣੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਸ ਸਿਰਮੋਰ ਸੰਸਥਾ ਨੇ ਦੇਸ਼ ਵਿੱਚ ਜਿੱਥੇ ਵੀ ਕਿਤੇ ਔਕੜ ਆਈ ਮੋਹਰੀ ਹੋ ਕੇ ਸਿੱਖ ਸਮੁਦਾਏ ਦੇ ਨਾਲ-ਨਾਲ ਹਰ ਜਾਤ ਤੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸਮਾਜ ਦੀ ਨੇੜੇ ਹੋ ਕੇ ਸੇਵਾ ਕਰਦੀ ਹੈ ਤੇ ਦੁੱਖ ਸੁਣਦੀ ਹੈ।
ਇਸ ਮੌਕੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ , ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਜਗਜੀਤ ਸਿੰਘ, ਸ੍ਰ: ਤਰਵਿੰਦਰ ਸਿੰਘ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜ਼ਟ, ਸ੍ਰ: ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ, ਸ੍ਰ: ਹਰਜਿੰਦਰ ਸਿੰਘ ਭੂਰਾਕੋਹਨਾ, ਸ੍ਰ: ਜਤਿੰਦਰ ਸਿੰਘ, ਸ੍ਰ: ਸੁਖਰਾਜ ਸਿੰਘ, ਸ੍ਰ: ਬਘੇਲ ਸਿੰਘ ਵਧੀਕ ਮੈਨੇਜਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ/ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।