ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਮੰਗੀ

ਅੰਮ੍ਰਿਤਸਰ, ੧੬ ਮਈ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਸਤਿਗੁਰੂ ਹਨ ਅਤੇ ਇਸ ਵਿਚ ਦਰਜ਼ ਪਾਵਨ ਗੁਰਬਾਣੀ ਦੀ ਪ੍ਰਮਾਣਿਕਤਾ ‘ਤੇ ਕਿੰਤੂ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਗੁਰਬਾਣੀ, ਗੁਰਮਤਿ ਸਿਧਾਂਤਾਂ ਅਤੇ ਸਿੱਖ ਪ੍ਰੰਪਰਾਵਾਂ ‘ਤੇ ਜਾਣ-ਬੁਝ ਕੇ ਕਿੰਤੂ-ਪ੍ਰੰਤੂ ਕਰਨ ਵਾਲੇ ਲੋਕ ਸਿੱਖ ਕੌਮ ਦੇ ਨਾਲ-ਨਾਲ ਦੇਸ਼ ਦੇ ਵੀ ਦੁਸ਼ਮਣ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਰਾਇਣ ਦਾਸ ਨਾਂ ਦੇ ਵਿਅਕਤੀ ਵੱਲੋਂ ਇਕ ਵੀਡੀਓ ਰਾਹੀਂ ਪਾਵਨ ਗੁਰਬਾਣੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਖ਼ਿਲਾਫ਼ ਮਨਘੜਤ ਬਿਆਨਬਾਜ਼ੀ ਦਾ ਮਾਮਲਾ ਸਾਹਮਣੇ ਆਉਣ ‘ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਨਰਾਇਣ ਦਾਸ ਵੱਲੋਂ ਪੰਜਵੇਂ ਪਾਤਸ਼ਾਹ ਜੀ ‘ਤੇ ਭਗਤ ਸਾਹਿਬਾਨ ਦੀ ਬਾਣੀ ਬਦਲਣ ਦਾ ਦੋਸ਼ ਗੁਰੂ ਸਾਹਿਬ ਅਤੇ ਗੁਰਬਾਣੀ ਦੀ ਤੌਹੀਨ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਅਜਿਹਾ ਕਰਕੇ ਉਸ ਨੇ ਸਿੱਖਾਂ ਅਤੇ ਭਗਤਾਂ ਦੇ ਪੈਰੋਕਾਰਾਂ ਵਿਚ ਆਪਸੀ ਗਲਤ ਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਾਂ ਭਗਤਾਂ ਤੇ ਭੱਟਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਦਾ ਸਥਾਨ ਦੇ ਕੇ ਮਨੁੱਖੀ ਸਮਾਨਤਾ ਦੀ ਮਿਸਾਲ ਕਾਇਮ ਕੀਤੀ ਪਰ ਨਰਾਇਣ ਦਾਸ ਵਰਗੇ ਲੋਕ ਮਨੁੱਖਤਾ ਨੂੰ ਵੰਡਣ ਲਈ ਚਾਲਾਂ ਚੱਲ ਰਹੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਨਰਾਇਣ ਦਾਸ ਵੱਲੋਂ ਜਾਣ-ਬੁਝ ਕੇ ਕੀਤੀ ਗਈ ਇਸ ਕੋਝੀ ਹਰਕਤ ਨਾਲ ਸਮਾਜਿਕ ਅਤੇ ਫਿਰਕੂ ਤਣਾਅ ਵਧਣ ਅਤੇ ਅਮਨ ਸ਼ਾਂਤੀ ਭੰਗ ਹੋਣ ਦਾ ਵੀ ਖ਼ਤਰਾ ਬਣਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਘਟੀਆ ਹਰਕਤ ਨਾ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਚਿੰਤਾ ਪ੍ਰਗਟ ਕੀਤੀ ਕਿ ਸੋਸ਼ਲ ਮੀਡੀਆ ‘ਤੇ ਬਾਰ ਬਾਰ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਪੋਸਟਾਂ ਸਾਹਮਣੇ ਆ ਰਹੀਆਂ ਹਨ ਪਰ ਸਰਕਾਰਾਂ ਦੇ ਸਾਈਬਰ ਕਰਾਈਮ ਸੈੱਲ ਬਿਲਕੁਲ ਚੁੱਪ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਅ ਰਹੀਆਂ, ਜਿਸ ਦੇ ਸਿੱਟੇ ਵਜੋਂ ਅਜਿਹੇ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਵਧ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਸਕੱਤਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਮੁਖਤਾਰ ਸਿੰਘ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ. ਐਸ. ਸ੍ਰੀਵਾਸਤਵਾ ਦੇ ਨਾਮ ਲਿਖਤੀ ਸ਼ਿਕਾਇਤ ਸ. ਅਮਰੀਕ ਸਿੰਘ ਪੁਆਰ ਡੀ.ਸੀ.ਪੀ. ਅੰਮ੍ਰਿਤਸਰ ਨੂੰ ਦੇ ਕੇ ਨਰਾਇਣ ਦਾਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸ. ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਸ. ਸੁਖਰਾਜ ਸਿੰਘ ਤੇ ਸ. ਸੁਖਬੀਰ ਸਿੰਘ ਵਧੀਕ ਮੈਨੇਜਰ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਪ੍ਰਿੰਸੀਪਲ ਬਲਦੇਵ ਸਿੰਘ, ਸ. ਗੁਰਮੀਤ ਸਿੰਘ ਇੰਚਾਰਜ, ਸਮੇਤ ਹੋਰ ਹਾਜ਼ਰ ਸਨ।