ਅੰਮ੍ਰਿਤਸਰ, ੧੬ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਸੈਸ਼ਨ ੨੦੧੮-੧੯ ਤੋਂ ਸ਼ੁਰੂ ਕੀਤੇ ਗਏ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਵਿੰਗ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ। ਇਸ ਦੇ ਨਾਲ ਹੀ ਕਾਲਜ ਵਿਖੇ ਰੂਬਰੂ ਸਮਾਗਮ ਦਾ ਵੀ ਆਯੋਜਨ ਵੀ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ. ਰੂਪ ਸਿੰਘ ਨੇ ਕੀਤੀ ਜਦਕਿ ਡਾ. ਸਰਬਜਿੰਦਰ ਸਿੰਘ ਜੀ ਪ੍ਰੋਫ਼ੈਸਰ ਤੇ ਮੁੱਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਦਾ ਪੱਲਾ ਫੜ੍ਹ ਕੇ ਅੱਗੇ ਵਧਣਾ ਚਾਹੀਦਾ ਹੈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਗ੍ਰੈਜ਼ੂਏਸ਼ਨ ਅਤੇ ਪੋਸਟ ਗ੍ਰੈਜ਼ੂਏਸ਼ਨ ਸੈਸ਼ਨ ੨੦੧੮-੧੯ ਦਾ ਪ੍ਰਾਸਪੈਕਟਸ ਵੀ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਸਕੱਤਰ ਸਿੰਘ ਮੀਤ ਸਕੱਤਰ, ਕਾਲਜ ਦੇ ਰਜ਼ਿਸਟਰਾਰ ਪ੍ਰੋ. ਜਤਿੰਦਰ ਕੌਰ, ਸ. ਗੁਰਮੀਤ ਸਿੰਘ ਇੰਚਾਰਜ਼, ਡਾ. ਰੁਪਿੰਦਰ ਸਿੰਘ, ਡਾ. ਹਰਜੀਵ ਕੋਰ, ਪ੍ਰੋ. ਗੁਰਜੀਤ ਸਿੰਘ, ਡਾ. ਕਿਰਨਦੀਪ ਕੋਰ, ਡਾ. ਗੁਰਜੰਟ ਸਿੰਘ ਅਤੇ ਕਾਲਜ ਸੁਪ੍ਰਿੰਟੈਂਡੈਂਟ ਸ. ਮਨਿੰਦਰ ਮੋਹਨ ਸਿੰਘ, ਪ੍ਰੋ. ਰਣਦੀਪ ਕੋਰ, ਸ. ਰਜਿੰਦਰ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।