ਅੰਮ੍ਰਿਤਸਰ, ੨੮ ਸਤੰਬਰ – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਿਤ ਕੀਤੇ ਗਏ ਇਨ੍ਹਾਂ ਮੁਕਾਬਲਿਆਂ ਵਿਚ ੧੫ ਕਾਲਜਾਂ ਤੇ ੭੦ ਸਕੂਲਾਂ ਦੇ ੩੫੦ ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਵਿਦਿਆਰਥੀਆਂ ਵਿਚ ੬ ਬੱਚੇ ਭਾਈ ਨਗਾਹੀਆ ਜੀ ਸਕੂਲ ਫਾਰ ਡੈੱਫ ਆਲਮਗੀਰ ਲੁਧਿਆਣਾ ਤੋਂ ਵੀ ਪਹੁੰਚੇ, ਜਿਨ੍ਹਾਂ ਨੇ ਖੂਬਸੂਰਤ ਪੇਂਟਿੰਗਾਂ ਬਣਾਈਆਂ। ਮੁਕਾਬਲੇ ਤਿੰਨ ਵਰਗਾਂ ਵਿਚ ਵੰਡ ਕੇ ਕਰਵਾਏ ਗਏ। ਪਹਿਲੇ ਵਰਗ ਵਿਚ ਛੇਵੀਂ ਤੋਂ ਅੱਠਵੀਂ ਤਕ, ਦੂਜੇ ਵਰਗ ਵਿਚ ਨੌਵੀਂ ਤੋਂ ਬਾਰ੍ਹਵੀਂ ਤਕ ਅਤੇ ਤੀਸਰੇ ਵਰਗ ਵਿਚ ਬੀ.ਏ. ਤੋਂ ਐਮ.ਏ. ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਹਿਲੇ ਤੇ ਦੂਜੇ ਦਰਜੇ ਦੇ ਵਿਦਿਆਰਥੀਆਂ ਨੂੰ ਪੇਂਟਿੰਗ ਬਣਾਉਣ ਲਈ ਗੁਰੂ ਘਰ ਵਿਚ ਸਜੀ ਸੰਗਤ ਦਾ ਦ੍ਰਿਸ਼, ਸ਼ਹੀਦਾਂ ਦੀ ਤਸਵੀਰ, ਮੋਬਾਇਲ ਦੀ ਦੁਰਵਰਤੋਂ, ਗੁਰੂ ਕੇ ਲੰਗਰ ਦਾ ਦ੍ਰਿਸ਼, ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ, ਹੋਲੇ ਮਹੱਲੇ ਦਾ ਦ੍ਰਿਸ਼, ਅਠਾਰ੍ਹਵੀਂ ਸਦੀ ਦੇ ਸਿੱਖ ਜਰਨੈਲ ਦੀ ਤਸਵੀਰ, ਇੱਕ ਰੁੱਖ ਸੌ ਸੁੱਖ ਦੇ ਭਾਵ ਨੂੰ ਦਰਸਾਉਣ ਸਬੰਧੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਦ੍ਰਿਸ਼ ਆਦਿ ਵਿਸ਼ੇ ਦਿੱਤੇ ਗਏ, ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਬਾਖੂਬੀ ਚਿੱਤਰਿਆ ਗਿਆ। ਇਸ ਤੋਂ ਇਲਾਵਾ ਕਾਲਜ ਪੱਧਰ ਦੇ ਵਿਦਿਆਰਥੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿਚ ਬੈਠ ਕੇ ਇਸ ਪਾਵਨ ਅਸਥਾਨ ਦੀਆਂ ਤਸਵੀਰਾਂ ਨੂੰ ਬਣਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਦਿੱਤੇ ਗਏ ਵਿਸ਼ਿਆਂ ‘ਤੇ ਅਧਾਰਤ ਵਿਦਿਆਰਥੀਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਸਵੀਰਾਂ ਤਿਆਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਤੇ ਨੌਜੁਆਨਾਂ ਅੰਦਰ ਸਿੱਖੀ ਪ੍ਰਤੀ ਰੁਚੀਆਂ ਨੂੰ ਉਭਾਰਨ ਲਈ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਉਤਸ਼ਾਹ-ਪੂਰਵਕ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਜੁਆਨੀ ਨੂੰ ਗੁਰਸਿੱਖੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਨਿਰੰਤਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਧਰ ਸਿੰਘ ਦੀਨਪੁਰ, ਵਧੀਕ ਮੈਨੈਜਰ ਸ. ਰਜਿੰਦਰ ਸਿੰਘ ਰੂਬੀ, ਸ. ਹਰਪ੍ਰੀਤ ਸਿੰਘ, ਸਿੱਖ ਇਤਿਹਾਸ ਰੀਸeਰਚ ਬੋਰਡ ਦੇ ਇੰਚਾਰਜ ਡਾ. ਅਮਰਜੀਤ ਕੌਰ, ਰੀਸਰਚ ਸਕਾਲਰ ਡਾ. ਰਣਜੀਤ ਕੌਰ, ਬੀਬੀ ਕਿਰਨਦੀਪ ਕੌਰ, ਸ. ਕਾਬਲ ਸਿੰਘ ਲੁਹਾਰਕਾ ਆਦਿ ਹਾਜ਼ਰ ਸਨ।