ਰਾਜਿਸਥਾਨ ‘ਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਨ ‘ਤੇ ਵੀ ਪ੍ਰਗਟਾਇਆ ਰੋਸ

ਅੰਮ੍ਰਿਤਸਰ, ੨੮ ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸੰਗਤ ਵਿਚ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ, ਜਿਸ ਨਾਲ ਇਤਿਹਾਸਕ ਅਤੇ ਸਿਧਾਂਤਕ ਤੌਰ ‘ਤੇ ਸਿੱਖ ਕੌਮ ਦਾ ਨੁਕਸਾਨ ਹੁੰਦਾ ਹੋਵੇ। ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਕ ਵੀਡੀਓ ਜਿਸ ਵਿਚ ਇਕ ਸਿੱਖ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਵੱਲੋਂ ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਸਮੇਂ ਦੀ ਕੇਂਦਰੀ ਹਕੂਮਤ ਵੱਲੋਂ ਕੀਤੇ ਗਏ ਹਮਲੇ ਸਬੰਧੀ ਗੱਲ ਕਰਦਿਆਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਮਨਘੜਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਦੇ ਪ੍ਰਸੰਗ ਵਿਚ ਆਖੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗਿਆਨੀ ਠਾਕੁਰ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਇਸ ਪ੍ਰਚਾਰਕ ਵੱਲੋਂ ਕੀਤੀ ਗਈ ਟਿੱਪਣੀ ਦਾ ਇਤਿਹਾਸਕ ਸਰੋਤਾਂ ਅਤੇ ਹਵਾਲਿਆਂ ਨਾਲ ਕੋਈ ਮੇਲ ਨਹੀਂ ਹੈ ਅਤੇ ਇਹ ਗੁਰੂ ਸਾਹਿਬ ਦੇ ਸਿਧਾਂਤਕ ਅਤੇ ਇਤਿਹਾਸਕ ਵਿਰੋਧ ਵਿਚ ਵੀ ਜਾਂਦੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਦਖ਼ਲ ਦੇ ਕੇ ਗਿਆਨੀ ਠਾਕੁਰ ਸਿੰਘ ਪਾਸੋਂ ਸਪੱਸ਼ਟੀਕਰਨ ਮੰਗਿਆ ਜਾਵੇ, ਤਾਂ ਜੋ ਸਿੱਖਾਂ ਅੰਦਰ ਪਾਇਆ ਜਾ ਰਿਹਾ ਰੋਸ ਸ਼ਾਂਤ ਹੋ ਸਕੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜਿਸਥਾਨ ਦੇ ਸਕੂਲਾਂ ਵਿਚ ਪੰਜਾਬੀ ਨੂੰ ਵਿਸਾਰ ਕੇ ਧੱਕੇ ਨਾਲ ਥੋਪੀ ਜਾ ਰਹੀ ਸੰਸਕ੍ਰਿਤ ਭਾਸ਼ਾ ਦਾ ਵੀ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਰਾਜਿਸਥਾਨ ਵਿਚ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਲਈ ਪੰਜਾਬੀ ਦੀ ਥਾਂ ਸੰਸਕ੍ਰਿਤ ਅਧਿਆਪਕ ਨਿਯੁਕਤ ਕਰਨੇ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਬਦਲਣਾ ਚਾਹੀਦਾ ਹੈ ਅਤੇ ਪੰਜਾਬੀ ਪੜ੍ਹਨ ਵਾਲਿਆਂ ਨੂੰ ਇਨਸਾਫ ਦੇਣ ਲਈ ਪੰਜਾਬੀ ਅਧਿਆਪਕ ਨਿਯੁਕਤ ਕਰਨੇ ਚਾਹੀਦੇ ਹਨ।