ਸੰਗਤਾਂ ਵੱਲੋਂ ਵੱਖ-ਵੱਖ ਥਾਈਂ ਕੀਤਾ ਗਿਆ ਭਰਵਾਂ ਸਵਾਗਤ

ਸ੍ਰੀ ਫ਼ਤਹਿਗੜ੍ਹ ਸਾਹਿਬ, ੧੨ ਮਈ-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ੧੭੧੦ ਈ: ਵਿਚ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਿਹੰਗ ਸਿੰਘ ਦਲਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਫ਼ਤਹਿ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਸਜਾਇਆ ਗਿਆ ਫਤਹਿ ਮਾਰਚ ਇਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਖ਼ਾਲਸਈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਦੌਰਾਨ ਸਰਹਿੰਦ ਫ਼ਤਹਿ ਨਾਲ ਸਬੰਧਤ ਇਤਿਹਾਸਕ ਥੇਹ ਵਿਖੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘ ਦਲਾਂ ਵੱਲੋਂ ਅਰਦਾਸ ਕੀਤੀ ਅਤੇ ਖ਼ਾਲਸਈ ਜੈਕਾਰੇ ਗਜਾ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਜਲੌ ਦਾ ਪ੍ਰਗਟਾਵਾ ਕੀਤਾ। ਸਮਾਪਤੀ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਫ਼ਤਹਿ ਮਾਰਚ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਗਟਾਅ ਦਾ ਪ੍ਰਤੀਕ ਹੈ, ਜਿਸ ਵਿਚ ਸਮੂਹ ਸੰਗਤਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਫ਼ਤਹਿ ਮਾਰਚ ਵਿਚ ਸ਼ਾਮਲ ਹੋਈਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਰਾਜਸੀ, ਸਮਾਜਿਕ ਆਗੂਆਂ ਅਤੇ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧੰਨਵਾਦ ਕੀਤਾ।
ਇਸੇ ਦੌਰਾਨ ਚੱਪੜਚਿੜੀ ਤੋਂ ਲੈ ਕੇ ਸ੍ਰੀ ਫਤਹਿਗੜ੍ਹ ਸਾਹਿਬ ਤਕ ਸਾਰੇ ਰਸਤੇ ਵਿਚ ਸੰਗਤ ਵੱਲੋਂ ਵੱਖ-ਵੱਖ ਥਾਈਂ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਖ਼ਾਲਸਾਈ ਫ਼ਤਹਿ ਮਾਰਚ ਦੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੁੱਜਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਨੁਮਾਇੰਦਿਆਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਫਤਹਿ ਮਾਰਚ ਦੀ ਸਮਾਪਤੀ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸ. ਅਵਤਾਰ ਸਿੰਘ ਰਿਆ, ਅਕਾਲੀ ਆਗੂ ਸ. ਜਗਦੀਪ ਸਿੰਘ ਚੀਮਾ, ਜਥੇਦਾਰ ਸਵਰਨ ਸਿੰਘ ਚਨਾਰਥਲ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਨਾਗਰ ਸਿੰਘ, ਬਾਬਾ ਜੱਸਾ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਸੇਵਕ ਸਿੰਘ, ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਮੈਨੇਜਰ ਸ. ਅਮਰਜੀਤ ਸਿੰਘ, ਸ. ਗੁਰਦੀਪ ਸਿੰਘ ਕੰਗ ਅਤੇ ਹੋਰ ਹਾਜ਼ਰ ਸਨ।

ਗਤਕਾ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ

ਸਰਹਿੰਦ ਫਤਹਿ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ੧੩ ਮਈ ਨੂੰ ਕਰਵਾਏ ਜਾਣ ਵਾਲੇ ਗਤਕਾ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਗਤਕਾ ਮੁਕਾਬਲੇ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਚ ਸ਼ਾਮ ੩ ਵਜੇ ਆਰੰਭ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ੧੫੦ ਦੇ ਕਰੀਬ ਬੱਚੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੁੱਜ ਗਏ ਹਨ। ਇਨ੍ਹਾਂ ਬੱਚਿਆਂ ਦੀ ਰਿਹਾਇਸ਼ ਆਦਿ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸੇ ਦੌਰਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਖੇ ਗਤਕਾ ਖਿਡਾਰੀਆਂ ਵੱਲੋਂ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਗੁਰਤੇਜ ਸਿੰਘ ਕਰਨਾਲ, ਪੰਜਾਬ ਪ੍ਰਧਾਨ ਸ. ਹਰਦੀਪ ਸਿੰਘ, ਹਰਿਆਣਾ ਦੇ ਪ੍ਰਧਾਨ ਸ. ਇੰਦਰਪਾਲ ਸਿੰਘ, ਗਤਕਾ ਕੋਚ ਸ. ਸੁਪ੍ਰੀਤ ਸਿੰਘ, ਖ਼ਜ਼ਾਨਚੀ ਸ. ਗੁਰਪ੍ਰੀਤ ਸਿੰਘ ਖ਼ਾਲਸਾ, ਸ. ਕਰਮਜੀਤ ਸਿੰਘ ਮੀਤ ਮੈਨੇਜਰ ਤੇ ਬੀਬੀ ਹਰਪ੍ਰੀਤ ਕੌਰ ਟਿਵਾਣਾ ਆਦਿ ਮੌਜੂਦ ਸਨ।