ਅੰਮ੍ਰਿਤਸਰ, 13 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਸੂਬਿਆਂ ਵਿਚ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਕਲਕੱਤਾ ਤੇ ਸਥਾਨਕ ਸੰਗਤ ਦੇ ਉਦਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੁਰਗਾਪੁਰ ਵਿਖੇ ਹੋਏ ਇਸ ਗੁਰਮਤਿ ਸਮਗਾਮ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਸੰਗਤ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਮੁੱਲਵਾਨ ਉਪਦੇਸ਼ ਮਨੁੱਖ ਦੇ ਜੀਵਨ ਨੂੰ ਸੁਖਾਂਵਾਂ ਬਣਾਉਣ ਲਈ ਉੱਤਮ ਹਨ ਅਤੇ ਸਾਡਾ ਫਰਜ ਹੈ ਕਿ ਅਸੀਂ ਗੁਰੂ ਬਖਸ਼ੀ ਜੀਵਨ ਜਾਚ ਨੂੰ ਅਪਣਾ ਕੇ ਸੁਖਮਈ ਜੀਵਨ ਬਤੀਤ ਕਰੀਏ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੇਸ਼ ਭਰ ਅੰਦਰ ਨਿਰੰਤਰ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੇ ਸਿਧਾਂਤਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸਥਾਨਕ ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਪੁੱਜੇ ਰਾਗੀ, ਪ੍ਰਚਾਰਕਾਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਦੁਰਗਾਪੁਰ ਦੀਆਂ ਸੰਗਤਾਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ ਸ. ਜਗਮੋਹਨ ਸਿੰਘ, ਸ. ਵਰਿੰਦਰ ਸਿੰਘ ਠਰੂ, ਸ. ਤੇਜਿੰਦਰ ਸਿੰਘ ਬੱਲ, ਸ. ਪਿਆਰਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।