ਅੰਮ੍ਰਿਤਸਰ 18 ਜਨਵਰੀ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਨੌਜਵਾਨਾਂ ਦੇ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਨੇੜੇ ਕਿਸ਼ਤੀ ਪਲਟਣ ਨਾਲ ਡੁੱਬ ਜਾਣ ਦੇ ਖਦਸ਼ੇ ਤੇ ਚਿੰਤਾ ਜ਼ਾਹਿਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਕਿਸ਼ਤੀ ‘ਚ ਸਵਾਰ ਨੌਜਵਾਨ ਸਹੀ ਸਲਾਮਤ ਹੋਣ।
ਇਥੋਂ ਜਾਰੀ ਪ੍ਰੈਸ ਨੋਟ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਵੱਖ-ਵੱਖ ਮੀਡੀਏ ਰਾਹੀਂ ਖਬਰਾਂ ਤੋਂ ਪਤਾ ਲੱਗਾ ਹੈ ਕਿ ਬਿਹਤਰ ਜ਼ਿੰਦਗੀ ਦਾ ਸੁਪਨਾ ਸੰਜੋਅ ਕੇ ਅਮਰੀਕਾ ਜਾਣ ਵਾਲੇ ਕੁਝ ਨੌਜਵਾਨਾਂ ਦੀ ਕੋਲੰਬੀਆ ਨੇੜੇ ਕਿਸ਼ਤੀ ਪਲਟਣ ਕਾਰਣ ਡੁੱਬ ਜਾਣ ਦਾ ਖਦਸ਼ਾ ਹੈ ਜੋ ਬਹੁਤ ਹੀ ਗੰਭੀਰ ਮਸਲਾ ਹੈ।ਉਨ੍ਹਾਂ ਕਿਹਾ ਕਿ ਹਰ ਮਾਂ ਬਾਪ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਸਿਰਜਣ ਲਈ ਵਿਦੇਸ਼ਾਂ ਦੇ ਸੁਪਨੇ ਲੈ ਉਨ੍ਹਾਂ ਨੂੰ ਬਾਹਰ ਭੇਜਣ ਦੀ ਚਾਹਤ ਵਿੱਚ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਸਲੀਅਤ ਤੋਂ ਅਨਜਾਣ ਮਾਪੇ ਇਹ ਨਹੀਂ ਦੇਖਦੇ ਕਿ ਜਿਨ੍ਹਾਂ ਏਜੰਟਾਂ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਲਈ ਲੱਖਾਂ ਰੁਪਏ ਲਗਾ ਕੇ ਬਾਹਰ ਭੇਜ ਰਹੇ ਹਾਂ ਕੀ ਉਹ ਧੋਖੇਬਾਜ ਤਾਂ ਨਹੀਂ।ਇਸ ਤਰ੍ਹਾਂ ਕਰਨ ਨਾਲ ਜਿੱਥੇ ਕਰਜਾ ਚੁੱਕ ਕੇ ਖਰਚੇ ਧਨ ਦੀ ਬਰਬਾਦੀ ਹੁੰਦੀ ਹੈ ਓਥੇ ਆਪਣੀ ਓਲਾਦ ਵੀ ਗਵਾ ਬੈਠਦੇ ਹਨ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਾਹਰ ਭੇਜਣ ਨਾਲੋਂ ਤਾਂ ਚੰਗਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਵਿੱਚ ਹੀ ਪੈਸੇ ਲਗਾ ਕੇ ਕੋਈ ਕਾਰੋਬਾਰ ਖੋਹਲ ਦੇਣ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਰਹੇ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਅਨੁਸਾਰ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਸਭ ਪ੍ਰੀਵਾਰਾਂ ਨਾਲ ਸ਼ਰੀਕ ਹਾਂ ਜਿਨ੍ਹਾਂ ਨਾਲ ਇਹ ਦੁੱਖਦਾਈ ਹਾਦਸਾ ਵਾਪਰਿਆ ਹੈ।ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਮ੍ਰਿਤਕਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਜੋ ਬੱਚੇ ਇਸ ਹਾਦਸੇ ਵਿੱਚੋਂ ਬਚ ਨਿਕਲੇ ਹਨ ਉਹ ਬਹੁਤ ਜਲਦ ਆਪਣੇ ਪ੍ਰੀਵਾਰ ਨਾਲ ਮਿਲਣ।ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਧੋਖੇਬਾਜ ਏਜੰਟਾਂ ਵਿਰੁੱਧ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਵੇ।ਉਨ੍ਹਾਂ ਕਿਹਾ ਸੈਂਟਰ ਅਤੇ ਸੂਬਿਆਂ ਦੀਆਂ ਸਰਕਾਰਾਂ ਐਸੇ ਨਕਲੀ ਏਜੰਟਾਂ ਦੀ ਇਨਕੁਆਰੀ ਕਰਕੇ ਉਨ੍ਹਾਂ ਨੂੰ ਨੱਥ ਪਾਉਣ ਤੇ ਜੋ ਲੋਕ ਸਹੀ ਹਨ ਉਨ੍ਹਾਂ ਨੂੰ ਹੀ ਮਾਨਤਾ ਦੇਣ।ਉਨ੍ਹਾਂ ਕਿਹਾ ਕਿ ਸਰਕਾਰ ਹਰ ਉਸ ਏਜੰਟ ਤੇ ਨਜ਼ਰ ਰੱਖੇ ਜੋ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦਾ ਹੈ ਤਾਂ ਜੋ ਸੁਨਹਿਰੀ ਭਵਿੱਖ ਦਾ ਸੁਪਨਾ ਸੰਜੋਈ ਨੌਜਵਾਨ ਤੇ ਉਨ੍ਹਾਂ ਦੇ ਮਾਪੇ ਗਲਤ ਅਨਸਰਾਂ ਦੇ ਹੱਥੇ ਚੜ੍ਹ ਕੇ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਨਾ ਹੋਣ।