48

ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਜੇ ਜਲੌਂ ਦਾ ਮਨਮੋਹਿਕ ਦ੍ਰਿਸ਼।

ਸੰਗਤਾਂ ਆਪਣੇ ਬੱਚੇ-ਬੱਚੀਆਂ ਨੂੰ ਸਿੱਖੀ ਨਾਲ ਜੋੜਨ ਲਈ ਗੁਰ-ਇਤਿਹਾਸ ਦੀਆਂ ਸਾਖੀਆਂ ਸੁਨਾਉਣ- ਗਿਆਨੀ ਅਮਰਜੀਤ ਸਿੰਘ

ਅੰਮ੍ਰਿਤਸਰ :16 ਜਨਵਰੀ (        ) ਸਾਹਿਬੇ-ਕਮਾਲ, ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਵੇਰੇ ੮-੩੦ ਵਜੇ ਤੋਂ ੧੨-੦੦ ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ ਵਿਖੇ ਸੁੰਦਰ ਜਲੌ ਸਜਾਏ ਗਏ। ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਨਿਰੰਤਰ ਚੱਲਦਾ ਰਿਹਾ।
ਸਵੇਰੇ ੯-੦੦ ਵਜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਅਵਤਾਰ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਹੁਕਮਨਾਮਾ ਲਿਆ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਸੰਸਾਰ ਵਿੱਚ ਧਰਮ ਦੀ ਹਾਨੀ ਹੋ ਕੇ ਅਧਰਮ ਫੈਲ ਜਾਵੇ ਇਨਸਾਨ ਹੈਵਾਨ ਬਣ ਜਾਵੇ, ਜ਼ੁਲਮ ਦੀ ਇੰਤਹਾ ਹੋ ਜਾਵੇ ਤਾਂ ਪਾਪੀ ਜਰਵਾਣਿਆਂ ਤੋਂ ਗਰੀਬਾਂ ਅਨਾਥਾਂ ਦੀ ਰੱਖਿਆ ਕਰਨ ਹਿੱਤ ਕਿਸੇ ਇਲਾਹੀ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਐਸੇ ਸਮੇਂ ੨੩ ਪੋਹ ਸੰਮਤ ੧੭੨੩ ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ। ਐਸੇ ਮਹਾਨ ਸਤਿਗੁਰੂ, ਮਾਨਵਤਾ ਦੇ ਰਾਖੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ, ਆਪਣੀ ਮਾਤਾ, ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਸਾਰਾ ਸਰਬੰਸ ਵਾਰ ਕੇ ਜਬਰ ਤੇ ਜ਼ੁਲਮ ਦਾ ਟਾਕਰਾ ਕੀਤਾ ਤੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਜਾਨ ਤੋਂ ਵੀ ਪਿਆਰੇ ਸਿੰਘਾਂ ਦੀਆਂ ਕੁਰਬਾਨੀਆਂ ਧਰਮ ਲੇਖੇ ਲਾਈਆਂ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਜ਼ਬਰ ਤੇ ਜ਼ੁਲਮ ਖਿਲਾਫ ਜੰਗ ਵਿੱਚ ਜੂਝਦੇ ਹੋਏ ਉਸ ਵੇਲੇ ਦੀ ਜ਼ਾਬਰ ਹਕੂਮਤ ਦੀਆਂ ਜੜ੍ਹਾਂ ਉਖਾੜੀਆਂ ਤੇ ਆਪਣਾ ਸਰਬੰਸ ਵਾਰਿਆ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ-ਬੱਚੀਆਂ ਨੂੰ ਗੁਰੂ ਸਾਹਿਬਾਨ, ਸ਼ਹੀਦ ਸਿੰਘਾਂ- ਸਿੰਘਣੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਛੋਟੇ ਲਾਲਾਂ ਦੀਆਂ ਸਾਖੀਆਂ ਸੁਣਾ ਕੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਤਾਂ ਜੋ ਉਹ ਵੀ ਉਨ੍ਹਾਂ ਸ਼ਹੀਦਾਂ ਤੋਂ ਸਬਕ ਲੈਣ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਿੱਖੀ ਤੋਂ ਬੇਮੁੱਖ ਹੋਈ ਨੌਜਵਾਨ ਪੀੜ੍ਹੀ ਨੂੰ ਖੰਡੇ ਬਾਟੇ ਦੀ ਪਾਹੁਲ ਛੱਕ ਗੁਰੂ ਵਾਲੇ ਬਨਣ ਦੀ । ਰਾਤ ੭:੦੦ ਤੋਂ ੯:੦੦ ਵਜੇ ਤੀਕ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਤੇ ੯:੦੦ ਵਜੇ ਪੰਥ ਪ੍ਰਸਿੱਧ ਕਵੀ ਜਨਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਕਲਗੀਧਰ ਦਸਮੇਸ਼ ਪਿਤਾ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ।
ਸ਼ਾਮ ਨੂੰ ਦੀਪਮਾਲਾ ਕੀਤੀ ਗਈ ਅਤੇ ਸ੍ਰੀ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਗਈ।
ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸ੍ਰ: ਸੁਲੱਖਣ ਸਿੰਘ ਤੇ ਸ੍ਰ: ਗੁਰਿੰਦਰ ਸਿੰਘ, ਵਧੀਕ ਮੈਨੇਜਰ ਸ੍ਰ: ਜਤਿੰਦਰ ਸਿੰਘ, ਸ੍ਰ: ਹਰਪ੍ਰੀਤ ਸਿੰਘ, ਸ੍ਰ: ਸਵਰਾਜ ਸਿੰਘ ਤੇ ਸ੍ਰ: ਹਰਜਿੰਦਰ ਸਿੰਘ, ਮੀਤ ਮੈਨੇਜਰ ਸ੍ਰ: ਦਰਸ਼ਨ ਸਿੰਘ ਤੇ ਭਾਈ ਲਾਲ ਸਿੰਘ ਸੁਪਰਵੀਜ਼ਰ ਦੇ ਇਲਾਵਾ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।